ਸੱਸੀ ਪੰਨੂੰ

ਸਫ਼ਾ 24

ਸੰਨ ਮਾਏ ਜੇ ਕਰ ਰੂੰ ਐਵੇਂ, ਹੋਣ ਮੇਰੇ ਦਿਲਬਰ ਦੇ
ਦਿਲਬਰ ਬੇ ਪ੍ਰਵਾਹ ਹਮੇਸ਼ਾ, ਕੁੱਝ ਪ੍ਰਵਾਹ ਨਾ ਕਰਦੇ
ਵੇਖ ਚਕੋਰ ਪਤੰਗ ਵਿਚਾਰੇ, ਮੁਫ਼ਤ ਬਿਰਹਾ ਵਿਚ ਮਰਦੇ
ਹਾਸ਼ਿਮ ਮੋੜ ਰਹੇ ਨਹੀਂ ਮੁੜਦੀ, ਘਰ ਦੇ ਲੋਕ ਸ਼ਹਿਰ ਦੇ

ਤਰਸਾਂ ਮੂਲ ਨਾ ਡਰ ਸਾਂ ਰਾਹੋਂ, ਜਾਨ ਤਲ਼ੀ ਪਰ ਧਰਸਾਂ
ਜਬ ਲੱਗ ਸਾਸ ਨਿਰਾਸ ਨਾ ਹੋਵਣ, ਮਰਨੋਂ ਮੂਲ ਨਾ ਡਰ ਸਾਂ
ਜੇ ਰੱਬ ਕੂਕ ਸੱਸੀ ਦੀ ਸਨਸੀ, ਜਾ ਮੁੱਲਾਂ ਪੱਗ ਫੜ ਸਾਂ
ਹਾਸ਼ਿਮ ਨਹੀਂ ਸ਼ਹੀਦ ਹਵੀਸਾਂ, ਥਲ ਮਾਰੋ ਵਿਚ ਮਰਸਾਂ

ਫੜਿਆ ਪੰਧ ਹੋਈ ਤੁਰ ਬੰਧਨ, ਟੁੱਟ ਗਈ ਡੋਰ ਪਤਨਗੋਂ
ਸੱਸੀ ਉਹ ਨਾ ਧਰਦੀ ਆਹੀ, ਬਹੁੰ ਪਰ ਪੈਰ ਪਲਨਗੋਂ
ਦਿਲ ਤੋਂ ਖ਼ੌਫ਼ ਉਤਾਰ ਸੁਧਾਈ, ਦਾਨੂੰ ਸ਼ੇਰ ਪਲਨਗੋਂ
ਹਾਸ਼ਿਮ ਜੇ ਦਮ ਜਾਸ ਖ਼ਲਾਸੀ, ਹੋਵਸ ਕੈਦ ਫ਼ਰਨਗੋਂ

ਕਰ ਅਸਬਾਬ ਲਿਆ ਸ਼ਹਿਜ਼ਾਦੀ, ਕਿਉਂ ਜੋ ਰਾਹ ਖ਼ਤਰ ਦਾ
ਪਾਣੀ ਖ਼ੂਨ ਖ਼ੁਰਾਕ ਕਲੇਜਾ, ਰਾਹਬਰ ਦਰਦ ਹਿਜਰ ਦਾ
ਗੱਲ ਵਿਚ ਵਾਲ਼ ਅੱਖੀਂ ਵਿਚ ਸੁਰਖ਼ੀ, ਸੋਜ਼ ਜਨੂਨ ਕਹਿਰ ਦਾ
ਹਾਸ਼ਿਮ ਵੇਖ ਅਹਿਵਾਲ ਕਲੇਜਾ, ਘਾਇਲ ਸ਼ਮਸ ਕਮਰ ਦਾ