ਸੱਸੀ ਪੰਨੂੰ

ਸਫ਼ਾ 30

ਤਿਸ ਦਮ ਮੋੜ ਕਰੀ ਨੂੰ ਤੁਰਿਆ, ਫੇਰ ਸੱਸੀ ਵੱਲ ਮੁੜਿਆ
ਆਉਣ ਮੁੜਨ ਭਰਾ ਨਾ ਦਿੰਦੇ, ਊਠ ਮੁਹਾਰਾਂ ਫੜਿਆ
ਤੀਂ ਬਣ ਬਾਪ ਹੋਇਆ ਨਾਬੀਨਾ, ਕਰਕੇ ਸੜਿਆ ਸੜਿਆ
ਹਾਸ਼ਿਮ ਦੇਖ ਮਹਿਲ ਕੀਚਮ ਦਾ, ਫਿਰ ਮੁੜ ਆਉਣ ਚੜ੍ਹਿਆ

ਹਿਜਰ ਅੱਗ ਪੁਨੂੰ ਦੀ ਭੜਕੇ, ਤੋੜ ਜਵਾਬ ਸੁਣਾਵੇ
ਕਹਿੰਦੀ ਮਾਂ ਪਿਤਾ ਪੁੱਤ ਕਿਹੜਾ, ਨਾਲ਼ ਮੋਇਆਂ ਮਰ ਜਾਵੇ
ਜਿਹੜੀ ਨਾਲ਼ ਅਸਾਡੇ ਕੀਤੀ, ਪੇਸ਼ ਤੁਸਾਡੇ ਆਵੇ
ਹਾਸ਼ਿਮ ਬਾਝ ਸੱਸੀ ਨਹੀਂ ਦੂਜਾ, ਜੇ ਰੱਬ ਫੇਰ ਮਿਲਾਵੇ

ਕਹਨਦ ਬਲੋਚ ਖ਼ਿਆਲ ਨਾ ਛੱਡ ਦੇ, ਵੱਲ ਵੱਲ ਫੇਰ ਖਲੋਂਦੇ
ਨਾਲੇ ਜ਼ੋਰ ਵਿਖਾਲਣ ਅਪਣਾ, ਨਾਲੇ ਉੱਠ ਗਲੇ ਲੱਗ ਰੋਂਦੇ
ਜਬ ਲੱਗ ਜਾਣ ਨਾ ਮੜਨੇ ਦੇਸਾਂ, ਆਓ ਪੁਨੂੰ ਵੱਸ ਹੁੰਦੇ
ਹਾਸ਼ਿਮ ਆਸ਼ਿਕ ਬਾਜ਼ ਇਸ਼ਕ ਦੇ, ਖਿੜ ਕੱਤ ਵੱਲ ਜੀ ਢੋਂਦੇ

ਬਹੁਤ ਲਾਚਾਰ ਹੋਇਆ ਸ਼ਹਿਜ਼ਾਦਾ, ਕੱਛੇ ਪਕੜ ਕਟਾਰੀ
ਜਿਸਦੀ ਚਮਕ ਲੱਗੇ ਜਿੰਦ ਜਾਵੇ, ਸੋ ਜਮਰੋਪ ਦੋ ਧਾਰੀ
ਛੋੜ ਮੁਹਾਰ ਦਿੱਤੀ ਤਦ ਭਾਈਆਂ, ਡਰ ਦਿਆਂ ਜਾਨ ਪਿਆਰੀ
ਹਾਸ਼ਿਮ ਕੌਣ ਫੜੇ ਜਿੰਦ ਬਾਜ਼ਾਂ, ਜਾਨ ਇਸ਼ਕ ਵਿਚ ਹਾਰੀ