ਅਮਨ ਦੇ ਸ਼ੀਸ਼ੇ ਦਾ ਪਰਛਾਵਾਂ, ਉਲਫ਼ਤ ਦੀ ਮਹਿਕਾਰ ਵੀ ਆਂ

ਅਮਨ ਦੇ ਸ਼ੀਸ਼ੇ ਦਾ ਪਰਛਾਵਾਂ, ਉਲਫ਼ਤ ਦੀ ਮਹਿਕਾਰ ਵੀ ਆਂ
ਮੈਂ ਵੇਲੇ ਦੀ ਤਖ਼ਤੀ ਦਾ ਮੂੰਹ-ਮੱਥਾ, ਨਕਸ਼-ਨੁਹਾਰ ਵੀ ਆਂ

ਕੱਲ੍ਹ ਵੀ ਮੈਂ ਸਾਂ, ਅੱਜ ਵੀ ਮੈਂ ਆਂ, ਆਉਣ ਵਾਲਾ ਕੱਲ੍ਹ ਵੀ ਮੈਂ,
ਸੌਦਾ ਮੇਰੇ ਨਾਲ਼ ਮੁਕਾ ਲਓ, ਵਖ਼ਤਾਂ ਦਾ ਬਾਜ਼ਾਰ ਵੀ ਆਂ

ਲੁਕਣ-ਮੀਟੀ ਤੇ ਹਠ-ਧਰਮੀ, ਹੁਣ ਮੈਂ ਖੇਡਣ ਦੇਣੀ ਨਈਂ,
ਮੈਂ ਜ਼ੁਲਮਾਂ ਦੀ ਨਗਰੀ ਦੇ ਵਿਚ, ਅਮਨ ਦਾ ਇਕ ਅਵਤਾਰ ਵੀ ਆਂ

ਇਸ ਦੁਨੀਆਂ ਦੇ ਮਹਿਲ-ਮੁਨਾਰੇ, ਬਾਗ਼-ਬਗ਼ੀਚੇ ਮੇਰੇ ਲਈ,
ਦੁੱਖ ਵੀ ਮੇਰੇ, ਸੁੱਖ ਵੀ ਮੇਰੇ, ਅਮਨਾਂ ਦਾ ਕਿਰਦਾਰ ਵੀ ਆਂ

ਅੱਗ ਦੇ ਵਿਚ ਵੀ ਮੈਂ ਕੁੱਦਿਆ ਸਾਂ, ਧੋਣ 'ਤੇ ਛੁਰੀ ਫ੍ਰਾਈ ਸੀ,
ਨੇਜ਼ੇ 'ਤੇ ਸਿਰ ਮੈਂ ਈ ਧਰਿਆ, ਜੰਨਤ ਦਾ ਸਰਦਾਰ ਵੀ ਆਂ

ਸੂਲ਼ੀ 'ਤੇ ਵੀ ਮੈਂ ਹੀ ਚੜ੍ਹਿਆ, ਆਪਣੀ ਖੱਲ ਵੀ ਆਪ ਹੀ ਲਾਹੀ,
ਜਿਹੜਾ ਲਥ ਕੇ ਵੀ ਨਾ ਝੁਕਿਆ, ਉਸ ਸਿਰ ਦੀ ਦਸਤਾਰ ਵੀ ਆਂ

ਇਸ ਦੁਨੀਆਂ ਵਿਚ ਪਹਿਲਾ ਵਾਸੀ, ਵੀ ਆਜ਼ਾਦ ਤੇ ਮੈਂ ਹੀ ਹਾਂ,
ਅਰਸ਼ 'ਤੇ ਅੱਜ ਵੀ ਜਿਸਦਾ ਚਰਚਾ, ਮੈਂ ਉਹੋ ਮਿਅੰਮਾਰ ਵੀ ਆਂ