ਸੀਤੇ ਹੋਠ ਮੈਂ ਉਮਰਾਂ ਵਾਲੇ ਖੋਲ੍ਹਾਂ ਜਾਂ ਨਾ ਖੋਲ੍ਹਾਂ ?

ਸੀਤੇ ਹੋਠ ਮੈਂ ਉਮਰਾਂ ਵਾਲੇ ਖੋਲ੍ਹਾਂ ਜਾਂ ਨਾ ਖੋਲ੍ਹਾਂ ?
ਅੱਜ ਤੀਕਰ ਨਈਂ ਬੋਲੀ ਹੁਣ ਵੀ ਬੋਲਾਂ ਜਾਂ ਨਾ ਬੋਲਾਂ ?

ਡਰਦੀ, ਕੰਬਦੀ, ਝੁਕਦੀ ਮੈਂ ਤਾਂ ਸਾਰੀ ਉਮਰ ਗੁਜ਼ਾਰੀ,
ਹੁਣ ਵੀ ਸੋਚ ਰਹੀ ਹਾਂ ਦੁੱਖੜੇ ਫਲਾਂ ਜਾਂ ਨਾ ਫੁੱਲਾਂ ?

ਝੂਠ, ਫ਼ਰੇਬ, ਮੁੱਕਰ ਦੇ ਪਰਦੇ ਅੱਜ ਸਾਰੇ ਮੈਂ ਪਾੜਾਂ,
ਸਭ ਮੱਕਾਰੀ ਪੈਰਾਂ ਹੇਠਾਂ ਰੋਲਾਂ ਜਾਂ ਨਾ ਰੋਲਾਂ ?

ਚੁੱਪ ਦੀ ਸੂਲੀ ਅਤੇ ਮੈਂ ਤਾਂ ਕਈ ਸਦੀਆਂ ਦੀ ਟੰਗੀ,
ਚੁੱਪ ਦੇ ਜਿੰਦਰੇ ਤੋੜਾਂ ਮੂੰਹੋਂ ਬੋਲਾਂ ਜਾਂ ਨਾ ਬੋਲਾਂ ?

ਜਿੰਦੜੀ ਦੇ ਇਸ ਮਿਸਰ ਬਜ਼ਾਰੇ ਇਕ ਰੋਟੀ ਦੇ ਸੁਹਾਵੇਂ,
ਦਿਲ ਦਾ ਯੂਸੁਫ਼ ਰੇਤ ਦੀ ਤਕੜੀ ਤੋਲਾਂ ਜਾਂ ਨਾ ਤੋਲਾਂ ?

ਆਪਣੇ ਪਿੱਛੋਂ ਆਉਣ ਵਾਲੀਆਂ ਤਾਈਂ ਕਿੰਜ ਬਚਾਵਾਂ,
ਵੈਰੀਆਂ ਵਾਸਤੇ ਖ਼ਾਵਰ ਮੋਹਰਾ ਘੋਲਾਂ ਜਾਂ ਨਾ ਘੋਲਾਂ ?