ਮੇਰੀਆਂ ਸ਼ਰਾਰਤਾਂ ਨੂੰ ਲੋਕਾਂ ਦੀ ਸ਼ਿਕਾਇਤ ਉੱਤੇ
ਮਾਰ ਪਈ ਏ ਮਨੂੰ ਤੇ ਰੋ ਰਹੀ ਏ ਮਾਂ

ਕੰਮ ਸਾਰੇ ਛੱਡ ਕੇ ਤੇ ਮੇਰੀਆਂ ਉਡੀਕਾਂ ਵਿਚ
ਪਿੰਡੋਂ ਬਾਹਰ ਆ ਕੇ ਖਲੋ ਰਹੀ ਏ ਮਾਂ

ਸਾਹ ਦੀ ਮਰੀਜ਼ ਏ ਤੇ ਸਰਦੀ ਦੇ ਦਿਨਾਂ ਵਿਚ
ਟੱਬਰਾਂ ਦੇ ਕੱਪੜੇ ਵੀ ਧੋ ਰਹੀ ਏ ਮਾਂ

ਆਪਣੇ ਵੀ ਹਿੱਸੇ ਦੀ ਖੋਹ ਕੇ ਨਿਆਣਾਂ ਨੂੰ
ਭੁੱਕੀਆਂ ਈ ਸਬਰ ਨਾਲ਼ ਸੌ ਰਹੀ ਏ ਮਾਂ

ਬੱਚੇ ਜਦੋਂ ਸੌ ਗਏ ਤੇ ਸਰਦੀ ਦੇ ਡਰ ਤੋਂ
ਬੋਵਾ ਉੱਠ ਉੱਠ ਕੇ ਤੇ ਢੋ ਰਹੀ ਏ ਮਾਂ

ਸਰਗੀ ਤੋਂ ਪਹਿਲਾਂ ਪਹਿਲਾਂ ਦੁੱਧ ਦਹੀ ਰੜਕ ਕੇ
ਸੁਬ੍ਹਾ ਸੁਬ੍ਹਾ ਚੁੱਕੀ ਨੂੰ ਵੀ ਜੋ ਰਹੀ ਏ ਮਾਂ

ਕੰਮਾਂ ਦੇ ਅਜ਼ਾਬ ਵਿਚ ਦੁੱਖਾਂ ਦੇ ਸੈਲਾਬ ਵਿਚ
ਆਪਣੇ ਨੂੰ ਆਪ ਈ ਡੁਬੋ ਰਹੀ ਏ ਮਾਂ

ਮੁਹੱਲੇ ਦੀਆਂ ਕੁੜੀਆਂ ਨੂੰ ਘਰ ਇਕੱਠਾ ਕਰਕੇ
ਅੱਧੀ ਰਾਤੀਂ ਚਰਖ਼ਾ ਵੀ ਛੂਹ ਰਹੀ ਏ ਮਾਂ

ਤਲ਼ੀ ਤੇ ਮਰੋੜ ਕੇ ਤੇ ਬੱਚਿਆਂ ਦੇ ਖਾਣ ਲਈ
ਬਾਜਰੇ ਦੇ ਸਿੱਟਿਆਂ ਨੂੰ ਖੋਹ ਰਹੀ ਏ ਮਾਂ

ਕੋਲਿਆਂ ਦੀ ਅੱਗ ਉੱਤੇ ਛੱਲੀਆਂ ਨੂੰ ਭੁੰਨ ਕੇ
ਛੱਲੀਆਂ ਦੇ ਟੋਕਰੇ ਵੀ ਢੋਹ ਰਹੀ ਏ ਮਾਂ

ਅੱਖਾਂ ਦੀ ੓ਖ਼ਰਾਬੀ ਨਾਲ਼ ਸੂਈ ਵੀ ਨਹੀਂ ਦਿਸਦੀ
ਹਾਰ ਸਾਰੇ ਸਿੱਖਾਂ ਦੇ ਪੂਰੋ ਰਹੀ ਏ ਮਾਂ

ਖ਼ੁਸ਼ੀ ਹੋਵੇ ਗ਼ਮੀ ਹੋਵੇ ਧੁੱਪ ਹੋਵੇ ਛਾਂ ਹੋਵੇ
ਅੱਗੇ ਪਿੱਛੇ ਸਾਰਿਆਂ ਦੇ ਹਰ ਰਹੀ ਏ ਮਾਂ

ਬੱਚੇ ਦੀ ਬਿਮਾਰੀ ਨਾਲ਼ ਸਾਰੀ ਰਾਤ ਜਾਗ ਕੇ
ਮੱਝਾਂ ਦਾ ਵੀ ਦੁੱਧ ਸੁਬ੍ਹਾ ਚੌ ਰਹੀ ਏ ਮਾਂ

ਕਿੱਡੇ ਕਿੱਡੇ ਦਰਦਾਂ ਤੇ ਕਿੱਡੇ ਕਿੱਡੇ ਦੁੱਖਾਂ ਨੂੰ
ਆਂਸੂਆਂ ਦੇ ਪਾਣੀ ਨਾਲ਼ ਧੋ ਰਹੀ ਏ ਮਾਂ

ਕੱਪੜੇ ਨਾ ਗੰਦੇ ਹੋਣ ਰੋਕਦੀ ਸੀ ਰੋਜ਼ ਮੈਨੂੰ
ਅੱਜ ਉਸੇ ਮਿੱਟੀ ਵਿਚ ਸੌ ਰਹੀ ਏ ਮਾਂ

ਹਵਾਲਾ: ਇਸ ਢਬ ਸੇ, ਸ਼ਰੀਫ਼ ਖ਼ਾਲਿਦ; ਸਫ਼ਾ 147 ( ਹਵਾਲਾ ਵੇਖੋ )