ਪੂਰਨ ਭਗਤ

ਇਛਰਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲਗਣਾ

7
ਖ਼ੇ ਖ਼ਬਰ ਹੋਈ ਰਾਣੀ ਇਛਰਾਂ ਨੂੰ,
ਜਿਸ ਜਾਇਆ ਪੂਰਨ ਪੁਤ ਸਾਈ ।
ਚੂੜਾ ਭੰਨ ਤੇ ਤੋੜ ਹਮੇਲ ਬੀੜੇ,
ਵਾਲ ਪੁਟ ਰਾਣੀ ਸਿਰ ਖ਼ਾਕ ਪਾਈ ।
ਮੰਦਾ ਘਾਓ ਪਿਆਰਿਆਂ ਪੁਤਰਾਂ ਦਾ,
ਰਾਣੀ ਭਜ ਕੇ ਰਾਜੇ ਦੇ ਪਾਸ ਆਈ ।
ਕਾਦਰਯਾਰ ਖੜੋਇ ਪੁਕਾਰ ਕਰਦੀ,
ਇਹਦੇ ਨਾਲ ਕੀ ਰਾਜਿਆ ਵੈਰ ਸਾਈ ।
8
ਦਾਲ ਦੇਖ ਰਾਣੀ ਕਹੇ ਆਪ ਰਾਜਾ,
ਇਹਦੇ ਨਾਲ ਗਵਾਊਂਗਾ ਮਾਰ ਤੈਨੂੰ,
ਕਹੇ ਵਾਰ ਬਦਕਾਰ ਨੇ ਜੰਮਿਆਂ ਸੀ,
ਜਿਸ ਜੰਮਦਿਆਂ ਲਾਇਆ ਈ ਦਾਗ਼ ਮੈਨੂੰ ।
ਜਿਨ੍ਹਾਂ ਵਿਚ ਹਿਆਉ ਨਾ ਸ਼ਰਮ ਹੋਵੇ,
ਐਸੇ ਪੁਤਰ ਨਾ ਜੰਮਦੇ ਨਿਜ ਕੈਨੂੰ ।
ਕਾਦਰਯਾਰ ਕਹਿੰਦਾ ਸਲਵਾਹਨ ਰਾਜਾ,
ਤਦ ਵਸਦਾ ਜੇ ਤੁਸੀਂ ਵਰੋ ਏਨੂੰ ।
9
ਜ਼ਾਲ ਜ਼ਰਾ ਨਾ ਰਾਜਿਆ ਗੱਲ ਸਚੀ,
ਜਿਸ ਗੱਲ ਦਾ ਭਰਮ ਵਿਚਾਰਿਆ ਈ ।
ਕਹਿੰਦੀ ਇਛਰਾਂ ਰਾਜਿਆ ਹੋਸ਼ ਕੀਚੇ,
ਕੂੜੀ ਤੁਹਮਤੋਂ ਪੁਤਰ ਨੂੰ ਮਾਰਿਆ ਈ ।
ਆਖੇ ਲੱਗ ਰੰਨਾਂ ਪੁਟਿਆਰੀਆਂ ਦੇ,
ਕਰਮ ਮਥਿਉਂ ਆਪਣਿਉਂ ਹਾਰਿਆ ਈ ।
ਕਾਦਰਯਾਰ ਰਾਜੇ ਸਲਵਾਹਨ ਅਗੇ,
ਰਾਣੀ ਇਛਰਾਂ ਜਾਇ ਪੁਕਾਰਿਆ ਈ ।
10
ਰੇ ਰਹੇ ਨਾ ਵਰਜਿਆ ਮੂਲ ਰਾਜਾ,
ਉਸੀ ਵਕਤ ਜਲਾਦ ਸਦਾਂਵਦਾ ਈ ।
ਲਗੇ ਰੋਣ ਦਿਵਾਨ ਵਜ਼ੀਰ ਖਲੇ,
ਦਿਲ ਰਾਜੇ ਦੇ ਤਰਸ ਨਾ ਆਂਵਦਾ ਈ ।
ਇਹਦੇ ਹੱਥ ਤੇ ਪੈਰ ਅਜ਼ਾਦ ਕਰੋ,
ਰਾਜਾ ਮੁਖ ਥੀਂ ਇਹ ਫੁਰਮਾਂਵਦਾ ਈ ।
ਕਾਦਰਯਾਰ ਖਲੋਇ ਕੇ ਮਾਉਂ ਤਾਈਂ,
ਪੂਰਨ ਭਗਤ ਸਲਾਮ ਬੁਲਾਂਵਦਾ ਈ ।
11
ਜ਼ੇ ਜ਼ੋਰ ਨਾ ਡਾਢੇ ਦੇ ਨਾਲ ਕੋਈ,
ਪਕੜ ਬੇਗੁਨਾਹ ਮੰਗਾਇਆ ਮੈਂ ।
ਕੈਹਨੂੰ ਖੋਲ੍ਹ ਕੇ ਦਿਲ ਦਾ ਹਾਲ ਦੱਸਾਂ,
ਜਿਹੜਾ ਘਾਤ ਗੁਨਾਹ ਕਰਾਇਆ ਮੈਂ ।
ਮੈਂ ਤਾਂ ਝੂਰਨਾ ਆਪਣੇ ਤਾਲਿਆ ਨੂੰ,
ਇਹੋ ਕਰਮ ਨਸੀਬ ਲਿਖਾਇਆ ਮੈਂ ।
ਕਾਦਰਯਾਰ ਕਹਿੰਦਾ ਪੂਰਨ ਭਗਤ ਓਥੇ,
ਹੁਣ ਰਾਜੇ ਨੇ ਚੋਰ ਬਣਾਇਆ ਮੈਂ ।
12
ਸੀਨ ਸਮਝਿ ਰਾਜਾ ਬੁਧ ਹਾਰ ਨਾਹੀਂ,
ਕਹਿੰਦੀ ਇਛਰਾਂ ਵਾਸਤਾ ਪਾਏ ਕੇ ਜੀ ।
ਅੰਬ ਵੱਢ ਕੇ ਅੱਕ ਨੂੰ ਵਾੜ ਦੇਵੇਂ,
ਪਛੋਤਾਵੇਂਗਾ ਵਕਤ ਵਿਹਾਏ ਕੇ ਜੀ ।
ਬੂਟਾ ਆਪਣਾ ਆਪ ਪੁਟਾਣ ਲਗੋਂ,
ਜੜ੍ਹਾਂ ਮੁੱਢ ਤਾਈਂ ਉਕਰਾਏ ਕੇ ਜੀ ।
ਕਾਦਰਯਾਰ ਜੇ ਪੂਰਨ ਨੂੰ ਮਾਰਿਓ ਈ,
ਬਾਪ ਕੌਣ ਬੁਲਾਊਗਾ ਆਏ ਕੇ ਜੀ ।
13
ਸ਼ੀਨ ਸ਼ਕਲ ਨਾ ਰਾਜੇ ਦੀ ਨਰਮ ਹੋਈ,
ਕਹਿਰਵਾਨ ਹੋ ਕੇ ਕਹਿੰਦਾ ਨਾਲ ਗੁੱਸੇ ।
ਬਾਹਰ ਜਾਇ ਕੇ ਚੀਰੋ ਹਲਾਲ ਖੋਰ,
ਛੰਨੇ ਰਤੁ ਪਾਵੋ ਜਿਹੜੀ ਵਿਚ ਜੁੱਸੇ ।
ਇਹਦੇ ਹੱਥ ਸਹਕਾਇ ਕੇ ਵਢਿਓ ਜੇ,
ਵਾਂਗ ਬੱਕਰੇ ਦੇ ਇਹਦੀ ਜਾਨ ਕੁੱਸੇ ।
ਕਾਦਰਯਾਰ ਜਾਂ ਰਾਜੇ ਦਾ ਹੁਕਮ ਹੋਇਆ,
ਪਕੜ ਲਿਆ ਜਲਾਦਾਂ ਨੇ ਵਕਤ ਉਸੇ ।
14
ਸਵਾਦ ਸਾਹਿਬ ਤੋਂ ਲਿਖਿਆ ਲੇਖ ਏਵੇਂ,
ਪੂਰਨ ਭਗਤ ਨੂੰ ਲੈ ਜਲਾਦ ਚਲੇ ।
ਗਲੀ ਕੂਚਿਆਂ ਸ਼ਹਿਰ ਹੜਤਾਲ ਹੋਈ,
ਪਾਸ ਰੋਣ ਵਜ਼ੀਰ ਦੀਵਾਨ ਖਲੇ ।
ਤਦੋਂ ਗਸ਼ਿ ਆਈ ਰਾਣੀ ਇਛਰਾਂ ਨੂੰ,
ਜਾਨ ਨਿਕਲ ਨਾ ਜਾਂਦੀ ਹੈ ਕਿਸੇ ਗਲੇ ।
ਕਾਦਰਯਾਰ ਮੀਆਂ ਮਾਵਾਂ ਪੁਤਰਾਂ ਨੂੰ,
ਲੂਣਾ ਮਾਰਿਆ ਕੁਫ਼ਰ ਦੇ ਝਾੜ ਪਲੇ ।
15
ਜ਼ੁਆਦ ਜ਼ਾਮਨੀ ਦੇ ਛੁਡਾਵਣੀ ਹਾਂ,
ਲੂਣਾ ਲਿਖ ਕੇ ਭੇਜਿਆ ਖ਼ਤ ਚੋਰੀ ।
ਪੁਤਰ ਬਣਨ ਲਗੋਂ ਮੇਰਾ ਪੂਰਨਾ ਵੇ,
ਦੇਖ ਕਹੀ ਮੈਂ ਦਿਤੀ ਆ ਮਾਉਂ ਲੋਰੀ ।
ਆਖੇ ਲਗ ਮੇਰੇ ਅਜੇ ਹਈ ਵੇਲਾ,
ਇਸੀ ਵਕਤ ਛੁਡਾਵਸਾਂ ਨਾਲ ਜੋਰੀ ।
ਕਾਦਰਯਾਰ ਕਿਉਂ ਜਾਨ ਗੁਆਵਨਾ ਹੈਂ,
ਲਾਇ ਦਿਨੀਆਂ ਤੁਹਮਤਾਂ ਵਲ ਹੋਰੀ ।
16
ਤੋਇ ਤਰਫ਼ ਖੁਦਾਇ ਦੇ ਜਿੰਦ ਦੇਣੀ,
ਪੂਰਨ ਆਖਦਾ ਵਤ ਨਾ ਆਵਣਾ ਈ ।
ਆਖ਼ਰ ਜੀਵਣਾ ਲਖ ਹਜ਼ਾਰ ਬਰਸਾਂ,
ਅੰਤ ਫੇਰ ਮਾਇ ਮਰ ਜਾਵਨਾ ਈ ।
ਖ਼ਤ ਵਾਚ ਕੇ ਪੂਰਨ ਨੇ ਲਬ ਸੁਟੀ,
ਕਿਹੜੀ ਗਲ ਤੋਂ ਧਰਮ ਗਵਾਵਨਾ ਈ ।
ਕਾਦਰਯਾਰ ਅਣਹੁੰਦੀਆਂ ਕਰਨ ਜਿਹੜੇ,
ਆਖ਼ਰ ਫੇਰ ਉਨ੍ਹਾਂ ਪਛੋਤਾਵਨਾ ਈ ।
17
ਜ਼ੁਇ ਜ਼ੁਲਮ ਕੀਤਾ ਮਾਇ ਮਾਤਰੇ ਨੀ,
ਪੂਰਨ ਆਖਦਾ ਪੂਰੀ ਨਾ ਪਵੇ ਤੇਰੀ ।
ਮੰਦਾ ਘਾਤ ਕਮਾਇਆ ਈ ਨਾਲ ਮੇਰੇ,
ਧਰਮ ਹਾਰ ਕੇ ਤੁਧ ਦਲੀਲ ਫੇਰੀ ।
ਜਿਹੜੀ ਬਣੀ ਮੈਨੂੰ ਹੁਣ ਝਲਸਾਂ ਮੈਂ,
ਮਰ ਜਾਇਗੀ ਰੋਂਦੜੀ ਮਾਇ ਮੇਰੀ ।
ਕਾਦਰਯਾਰ ਜਲਾਦਾਂ ਨੂੰ ਕਹੇ ਪੂਰਨ,
ਮਿਲ ਲੈਣ ਦੇਵੋ ਮੈਨੂੰ ਇਕ ਵੇਰੀ ।
18
ਐਨ ਅਰਜ਼ ਕੀਤੀ ਸਲਵਾਹਨ ਅਗੇ,
ਖ਼ਾਤਰ ਮਾਉਂ ਜਲਾਦ ਖਲੋਂਵਦੇ ਨੀ ।
ਰਾਣੀ ਇਛਰਾਂ ਤੇ ਪੂਰਨ ਭਗਤ ਉਥੇ,
ਜਾਂਦੀ ਵਾਰ ਦੋਵੇਂ ਮਿਲ ਰੋਂਵਦੇ ਨੀ ।
ਪਾਣੀ ਡੋਲ੍ਹ ਕੇ ਰਤ ਦਾ ਨੀਰ ਉਥੇ,
ਦਿਲੋਂ ਹਿਰਸ ਜਹਾਨ ਦੀ ਧੋਂਵਦੇ ਨੀ ।
ਕਾਦਰਯਾਰ ਜਲਾਦ ਫਿਰ ਪਏ ਕਾਹਲੇ,
ਪੁਤਰ ਮਾਇ ਥੋਂ ਵਿਦਿਆ ਹੋਂਵਦੇ ਨੀ ।
19
ਗ਼ੈਨ ਗ਼ਮ ਖਾਧਾ ਰਾਣੀ ਹੋਈ ਅੰਨ੍ਹੀਂ,
ਆਹੀਂ ਮਾਰਦੀ ਰਬ ਦੇ ਦੇਖ ਬੂਹੇ,
ਪੁਤਰ ਪਕੜ ਬਿਗਾਨਿਆਂ ਮਾਪਿਆਂ ਦੇ,
ਪੂਰਨ ਭਗਤ ਨੂੰ ਲੈ ਗਏ ਬਾਹਰ ਜੂਹੇ ।
ਉਹਦੇ ਦਸਤ ਸਹਕਾਇ ਕੇ ਵਢਿਓ ਨੇ,
ਉਹਦੀ ਲੋਥ ਵਹਾਂਵਦੇ ਵਿਚ ਖੁਹੇ ।
ਕਾਦਰਯਾਰ ਆ ਲੂਣਾ ਨੂੰ ਦੇਣ ਰਤੂ,
ਵੇਖ ਲਾਂਵਦੀ ਹਾਰ ਸ਼ਿੰਗਾਰ ਸੂਹੇ ।