ਬਹੁਤੇ ਦੀਵੇ ਰਾਹ ਵਿਚ ਬਾਲੇ ਜਾਂਦੇ ਨੇ

ਬਹੁਤੇ ਦੀਵੇ ਰਾਹ ਵਿਚ ਬਾਲੇ ਜਾਂਦੇ ਨੇ ।
ਮੰਜ਼ਿਲ ਤੱਕ ਤੇ ਕਿਸਮਤ ਵਾਲੇ ਜਾਂਦੇ ਨੇ ।

ਮਾਵਾਂ ਨਾਲ ਕੀ ਰਿਸ਼ਤੇ ਉਹਨਾਂ ਬੱਚਿਆਂ ਦੇ,
ਨਰਸਰੀਆਂ ਵਿਚ ਜਿਹੜੇ ਪਾਲੇ ਜਾਂਦੇ ਨੇ ।

ਉੱਥੇ ਉਗ ਨਹੀਂ ਸਕਦਾ ਰੁੱਖ ਮੁਹੱਬਤ ਦਾ,
ਜਿਹੜੀ ਥਾਂ ਤੇ ਸਿੱਕੇ ਢਾਲੇ ਜਾਂਦੇ ਨੇ ।

ਕਿਸੇ ਕਿਸੇ ਨੂੰ ਅੱਜ ਸਹਾਰਾ ਮਿਲਦਾ ਏ,
ਬਹੁਤੇ ਬੰਦੇ ਕੱਲ੍ਹ 'ਤੇ ਟਾਲੇ ਜਾਂਦੇ ਨੇ

ਇਹ ਦੁਨੀਆਂ ਏ ਇੱਥੇ ਯਾਰੀ ਲਾ ਕੇ ਵੀ,
ਇਕ-ਦੂਜੇ ਦੇ ਐਬ ਉਛਾਲੇ ਜਾਂਦੇ ਨੇ ।

ਸਫ਼ਰਾਂ ਦੇ ਵਿਚ ਸੰਗਤ ਰੋਜ਼ ਬਦਲਦੀ ਏ,
ਮੰਜ਼ਿਲ ਤੱਕ ਪੈਰਾਂ ਦੇ ਛਾਲੇ ਜਾਂਦੇ ਨੇ ।

ਸਾਡੇ ਨਾਲ ਇਕਲਾਪਾ ਟੁਰਦਾ ਡਰਦਾ ਏ,
ਉਹਨਾਂ ਦੇ ਨਾਲ ਆਲ-ਦਵਾਲੇ ਜਾਂਦੇ ਨੇ ।

ਕਦੀ ਵੀ ਉਹ ਰੁਸ਼ਨਾ ਨਹੀਂ ਸਕਦੇ ਵਿਹੜੇ ਨੂੰ,
ਜਿਹੜੇ ਚਾਨਣ ਰਓਫ਼ ਉਧਾਲੇ ਜਾਂਦੇ ਨੇ ।