ਯਾਰਾਂ ਦੇ ਨਾਲ ਹਾਦਸਾ ਹੋਇਆ ਕਮਾਲ ਦਾ

ਯਾਰਾਂ ਦੇ ਨਾਲ ਹਾਦਸਾ ਹੋਇਆ ਕਮਾਲ ਦਾ ।
ਦੂਜਾ ਵੀ ਚੋਰ ਨਿਕਲਿਆ ਪਹਿਲੇ ਦੇ ਨਾਲ ਦਾ ।

ਅੱਖਾਂ ਦੇ ਨਾਲ ਜ਼ਿਹਨ ਵੀ ਡੰਗੂਗੀ ਰੋਸ਼ਨੀ,
ਜੇ ਜਾਣਦਾ ਤੇ ਮੈਂ ਕਦੀ, ਦੀਵੇ ਨਾ ਬਾਲਦਾ ।

ਭੱਜਦੇ ਨੇ ਲੋਕ ਸ਼ਹਿਰ ਦੇ, ਏਦਾਂ ਅੜੋ-ਤੜੀ,
ਭੱਜਦਾ ਏ ਜਿਸ ਤਰ੍ਹਾਂ ਕੋਈ ਡਰਿਆ ਭੂਚਾਲ ਦਾ ।

ਉਹਨੇ ਵੀ ਵਕਤ ਵੇਖ ਕੇ ਲਹਿਜ਼ਾ ਵਟਾ ਲਿਆ,
ਜਿਸ ਨੂੰ ਰਿਹਾ ਸਾਂ ਸਾਰੀ ਹਿਆਤੀ ਮੈਂ ਪਾਲਦਾ ।

ਲੋਕਾਂ ਨੇ ਐਵੇਂ ਜ਼ਾਤ ਨੂੰ ਮੋਜੂ ਬਣਾ ਲਿਆ,
ਰੋਲਾ ਸੀ ਉਹਦੀ ਕਾਰ ਦਾ ਬੰਗਲੇ ਦੇ ਮਾਲ ਦਾ ।

ਰਿਸ਼ਤੇ ਦੀ ਤੇਜ਼ ਨੋਕ ਤੇ ਪਲ ਵੀ ਨਾ ਠਹਿਰਿਆ,
ਜਿਸ ਨੂੰ ਜਵਾਬ ਮਿਲ ਗਿਆ ਉਹਦੇ ਸਵਾਲ ਦਾ ।

ਓਸੇ ਨੂੰ ਰਓਫ਼ ਲਾ ਲਿਆ ਸੀਨੇ ਦੇ ਨਾਲ ਮੈਂ,
ਮਿਲਿਆ ਏ ਜਿਹੜਾ ਸ਼ਖ਼ਸ ਵੀ ਹਟਵੇਂ ਖ਼ਿਆਲ ਦਾ