ਮੇਰੇ ਘਰ ਦੀਆਂ ਕੰਧਾਂ ਦੇ ਵਿਚ ਜੇ ਕਰ ਆਲੇ ਹੁੰਦੇ

ਮੇਰੇ ਘਰ ਦੀਆਂ ਕੰਧਾਂ ਦੇ ਵਿਚ ਜੇ ਕਰ ਆਲੇ ਹੁੰਦੇ
ਆਪਣੀ ਸ਼ੁਹਰਤ ਖ਼ਾਤਰ ਮੈਂ ਵੀ ਦੀਵੇ ਬਾਲੇ ਹੁੰਦੇ

ਦਿਨ ਚੜ੍ਹਦਾ ਤੇ ਸਾਰੀ ਖ਼ਲਕਤ ਅੱਖਾਂ ਖੋਲ੍ਹ ਕੇ ਵਿਹੰਦੀ
ਲੁਕੇ ਕਦੀ ਨਹੀਂ ਰਹਿੰਦੇ ਕਿਧਰੇ ਜਦੋਂ ਉਜਾਲੇ ਹੁੰਦੇ

ਉਨ੍ਹਾਂ ਦੇ ਅੰਦਰ ਦਾ ਹਰ ਇਕ ਕਮਰਾ ਖ਼ਾਲਮ-ਖ਼ਾਲੀ,
ਜੀਨ੍ਹਾਂ ਘਰਾਂ ਦੇ ਬੂਹਿਆਂ ਉੱਤੇ ਲੱਗੇ ਤਾਲੇ ਹੁੰਦੇ

ਨਵੇਂ ਦੌਰ ਦੀ ਸਭ ਤੋਂ ਵੱਡੀ ਕਮਜ਼ੋਰੀ ਏ ਦੌਲਤ,
ਉੱਥੇ ਭੀੜਾਂ ਲੱਗਣ ਜਿੱਥੇ ਦੌਲਤ ਵਾਲੇ ਹੁੰਦੇ

ਪਿਛਲੀ ਉਮਰੇ ਮੇਰੇ ਕੋਲ ਨਾ ਕੋਈ ਆਪਣਾ ਪਿਆਰਾ,
ਆਲ-ਦੁਆਲੇ ਰਹਿੰਦੇ ਜੇ ਮੈਂ ਸੱਪ ਵੀ ਪਾਲੇ ਹੁੰਦੇ

ਏਸ ਦੌਰ ਦੀ ਹੇਰਾ-ਫੇਰੀ ਸਾਡਾ ਉਹਲਾ ਬਣ ਗਈ,
ਨਹੀਂ ਤੇ ਸਾਡੇ ਹੱਥਾਂ ਅੰਦਰ ਜ਼ਹਿਰ ਪਿਆਲੇ ਹੁੰਦੇ

ਅਫ਼ਰਾ-ਤਫ਼ਰੀ ਦੀ ਧਰਤੀ 'ਤੇ ਅੱਜ ਮੇਰੇ ਕੰਮ ਆਉਂਦੇ,
ਪਹਿਲੀ ਉਮਰ ਦੇ ਜੇ ਕੁੱਝ ਲਮਹੇ 'ਰਓਫ਼' ਸੰਭਾਲੇ ਹੁੰਦੇ