ਵੇਲੇ ਦੇ ਅੱਥਰੇ-ਘੋੜੇ 'ਤੇ, ਪੱਕਿਆਂ ਹੋ ਕੇ ਬਹਿਣ ਲਈ

ਵੇਲੇ ਦੇ ਅੱਥਰੇ-ਘੋੜੇ 'ਤੇ, ਪੱਕਿਆਂ ਹੋ ਕੇ ਬਹਿਣ ਲਈ ।
ਮੇਰੇ ਦੌਰ ਦੇ ਵਸਨੀਕਾਂ ਨੇ, ਅਫ਼ਰਾ-ਤਫ਼ਰੀ ਪਹਿਨ ਲਈ ।

ਵੱਡਿਆਂ ਹੋ ਕੇ ਵੀ ਉਨ੍ਹਾਂ ਦਾ, ਜ਼ਰਾ ਵਤੀਰਾ ਬਦਲਿਆ ਨਾ,
ਨਿੱਕਿਆਂ ਹੁੰਦਿਆਂ ਲੜਦੇ ਰਹੇ ਨੇ, ਜਿਹੜੇ ਇੱਕ-ਇੱਕ ਟਹਿਣ ਲਈ ।

ਸ਼ਹਿਰਾਂ ਦੀ ਵੱਸੋਂ ਦੇ ਮਸਲੇ, ਪਹਿਲਾਂ ਤੋਂ ਕੁਝ ਵਧ ਗਏ ਨੇ,
ਰਾਹ ਨਹੀਂ ਲੱਭਦਾ ਲੰਘਣ ਦੇ ਲਈ, ਘਰ ਨਹੀਂ ਲੱਭਦਾ ਰਹਿਣ ਲਈ ।

ਜੋ ਬਣਿਆ ਏ ਉਹ ਟੁੱਟਿਆ ਏ, ਏਹੋ ਰੀਤ ਏ ਦੁਨੀਆਂ ਦੀ,
ਭਾਂਡਾ ਘੜਿਆ ਭੱਜਣ ਦੇ ਲਈ, ਕੰਧ ਉਸਾਰੀ ਢਹਿਣ ਲਈ ।

ਕਿਸਮਤ ਵਿੱਚ ਲਿਖੀ ਏ ਭਾਜੜ, ਯਾ ਪੈਰਾਂ ਵਿੱਚ ਚੱਕਰ ਨੇ,
ਯਾ ਫਿਰ ਮੈਨੂੰ ਥਾਂ ਨਹੀਂ ਲੱਭੀ, ਅਪਣੇ ਘਰ ਵਿੱਚ ਰਹਿਣ ਲਈ ।

ਅੱਖੀਆਂ ਨੇ ਤਸਵੀਰਾਂ ਖਿੱਚੀਆਂ, ਕੰਨਾਂ ਹਰਫ਼ ਸੰਭਾਲੇ ਨੇ,
ਚੁੱਪਾਂ ਨੇ ਖੋਲ੍ਹੇ ਨੇ ਦਫ਼ਤਰ, ਕੁਝ ਬਚਿਆ ਨਹੀਂ ਕਹਿਣ ਲਈ ।

ਇਹਦੇ ਵਿੱਚ ਬੈਠਣ ਦੀ ਖ਼ਾਤਰ, ਕੀ ਕੀ ਪਾਪੜ ਵੇਲੇ ਨਹੀਂ ?
'ਰਊਫ਼' ਮੈਂ ਤਰਲੇ ਪਾਉਂਦਾ ਫਿਰਨਾਂ, ਜਿਸ ਗੱਡੀ ਤੋਂ ਲਹਿਣ ਲਈ