ਦਰਿਆ ਦੇ ਏਸ ਪਾਰ ਤੋਂ ਉਸ ਪਾਰ ਤੀਕ ਹਾਂ

ਦਰਿਆ ਦੇ ਏਸ ਪਾਰ ਤੋਂ ਉਸ ਪਾਰ ਤੀਕ ਹਾਂ ।
ਡੁਬਦੇ ਹੋਏ ਜ਼ਮੀਰ ਦੀ ਚੁਪ ਚਾਪ ਚੀਕ ਹਾਂ ।

ਦੂਰੀ ਨੇ ਮੇਰੀ ਸੋਚ ਦਾ ਅੰਦਾਜ਼ ਬਦਲਿਆ,
ਜਦ ਤਕ ਮੈਂ ਤੇਰੇ ਨਾਲ ਸਾਂ ਤਦ ਤੀਕ ਠੀਕ ਸਾਂ ।

ਇਕਲਾਪਿਆਂ ਦੀ ਅੱਗ ਵਿਚ ਸੜਨਾ ਨਸੀਬ ਸੀ,
ਯਾਰੀ ਤੇ ਦੁਸ਼ਮਣੀ ਦੇ ਵਿਚਕਾਰ ਲੀਕ ਸਾਂ ।

ਬੇਗ਼ਰਜ਼ੀਆਂ ਦਾ ਢੌਂਗ ਰਚਾ ਕੇ ਜ਼ਮੀਨ 'ਤੇ,
ਖ਼ੁਦਗਰਜ਼ੀਆਂ ਦੇ ਅਰਸ਼ 'ਤੇ ਅਪਣੀ ਉਡੀਕ ਸਾਂ ।

ਪਰਕਾਰ ਲੈ ਕੇ ਮੈਨੂੰ ਜ਼ਮਾਨੇ ਨੇ ਪਰਖਿਆ,
ਮੈਂ ਦਾਇਰੇ 'ਚ ਸਾਂ ਮਗਰ ਨੁਕਤਾ ਬਰੀਕ ਸਾਂ ।

ਜਿਸਨੇ ਸਮੇਂ ਦੀ ਜੀਭ ਤੋਂ ਗੁਫ਼ਤਾਰ ਖੋਹ ਲਈ,
ਮੈਂ ਵੀ ਤੇ ਉਹਦੇ ਜੁਰਮ ਦੇ ਅੰਦਰ ਸ਼ਰੀਕ ਸਾਂ ।

ਸੱਚਾਈਆਂ ਦੇ ਇਲਮ ਦਾ ਵੰਡਣਗੇ ਚਾਨਣਾ,
ਮੈਂ ਰਊਫ ਜੋ ਕਿਤਾਬ ਵਿਚ ਅੱਖਰ ਉਲੀਕਸਾਂ