ਗੱਲ ਕੋਈ ਇਸ਼ਕ ਦੀ ਕਰ, ਪਿਆਰ ਦਾ ਕਿੱਸਾ ਸੁਣਾ

ਗੱਲ ਕੋਈ ਇਸ਼ਕ ਦੀ ਕਰ, ਪਿਆਰ ਦਾ ਕਿੱਸਾ ਸੁਣਾ
ਦਾਸਤਾਨ ਮਨਸੂਰ ਦੀ ਯਾ ਦਾਰ ਦਾ ਕਿੱਸਾ ਸੁਣਾ

ਛੱਡ ਗੁੰਝਲਦਾਰ ਜ਼ੁਲਫ਼ਾਂ ਦੀ ਬੁਝਾਰਤ ਸ਼ਾਇਰਾ
ਇਨਕਲਾਬ ਵਕਤ ਦੀ ਝੰਕਾਰ ਦਾ ਕਿੱਸਾ ਸੁਣਾ

ਅੱਜ ਵਾਰਿਸ ਦੇ ਕਲਮ ਦੀ ਸਰਸਰਾਹਟ ਨੂੰ ਬੁਲ਼ਾ
ਇਬਨੇ ਕਾਸਿਮ ਦੀ ਜਰੀ ਤਲਵਾਰ ਦਾ ਕਿੱਸਾ ਸੁਣਾ

ਜਿਥੇ ਪੀ ਕੇ ਕੁੱਝ ਸ਼ਰਾਬੀ ਗ਼ੈਰਤਾਂ ਨਈਂ ਵੇਚਦੇ
ਸਾਕੀਆ ਉਸ ਮਹਿਫ਼ਲ-ਏ-ਸਰਸ਼ਾਰ ਦਾ ਕਿੱਸਾ ਸੁਣਾ

ਅੱਜ ਸੋਹਣੀ ਤੇ ਘੜੇ ਦੇ ਕੌਲ ਦਾ ਅਫ਼ਸਾਨਾ ਲਿਖ
ਮੁੜ ਕੇ ਇੱਜ਼ਤ ਬੈਗ ਦੇ ਇਕਰਾਰ ਦਾ ਕਿੱਸਾ ਸੁਣਾ

ਜਿਥੇ ਖਿੜ ਕੇ ਫੁੱਲ ਉਮੀਦਾਂ ਦੇ ਨਈਂ ਕਮਲਾਉਂਦੇ
ਉਸ ਖ਼ਿਜ਼ਾਂ ਨਾ-ਆਸ਼ਨਾ ਗੁਲਜ਼ਾਰ ਦਾ ਕਿੱਸਾ ਸੁਣਾ

ਛੇੜ ਸਾਗ਼ਰ ਵੰਝਲੀ ਤੇ ਦਿਲ ਦਾ ਇੱਕ ਅਨਮੋਲ ਗੀਤ
ਬਣ ਕੇ ਰਾਂਝਾ ਹੁਸਨ ਦੀ ਸਰਕਾਰ ਦਾ ਕਿੱਸਾ ਸੁਣਾ