ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ

ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ

ਇਹਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਲਈ
ਕਿਉਂ ਕਰਾਂ ਨ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ

ਸ਼ਹਿਰ ਤੇਰੇ ਕਦਰ ਨਹੀਂ ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁੱਲ੍ਹਦਾ ਹੈ ਹਰ ਬਾਜ਼ਾਰ ਤੇਰੇ ਸ਼ਹਿਰ ਦਾ

ਫੇਰ ਮੰਜ਼ਿਲ ਵਾਸਤੇ ਇਕ ਪੈਰ ਨਾ ਪੁੱਟਿਆ ਗਿਆ
ਇਸ ਤਰ੍ਹਾਂ ਕੁਝ ਚੁਭਿਆ ਕੋਈ ਖਾਰ ਤੇਰੇ ਸ਼ਹਿਰ ਦਾ

ਜਿੱਥੇ ਮੋਇਆਂ ਬਾਅਦ ਵੀ ਕਫ਼ਨ ਨਹੀਂ ਹੋਇਆ ਨਸੀਬ
ਕੌਣ ਪਾਗ਼ਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ

ਏਥੇ ਮੇਰੀ ਲਾਸ਼ ਤੱਕ ਨੀਲਾਮ ਕਰ ਦਿੱਤੀ ਗਈ
ਲੱਥਿਆ ਕਰਜ਼ਾ ਨਾ ਫਿਰ ਵੀ ਯਾਰ ਤੇਰੇ ਸ਼ਹਿਰ ਦਾ

ਹਵਾਲਾ: ਕਲਾਮ-ਏ- ਸ਼ਿਵ; ਸਾਂਝ; 2017؛ ਸਫ਼ਾ 557 ( ਹਵਾਲਾ ਵੇਖੋ )