ਐਤਕੀਂ ਮਿਲੇ ਜੇ ਤਾਂ

ਐਤਕੀਂ ਮਿਲੇ ਜੇ ਤਾਂ, ਗੱਲ ਕੋਈ ਨਹੀਂ ਕਰਨੀ

ਸ਼ਾਮ ਯਾ ਸਵੇਰੇ ਦੀ
ਸੌਣ ਦੇ ਪਪੀਹੇ ਦੀ
ਬੱਦਲਾਂ ਬਾਅਦ ਪੀਂਘਾਂ ਦੀ
ਝੰਗ, ਕੈਚ, ਖੀਵੇ ਦੀ

ਐਤਕੀਂ ਮਿਲੇ ਜੇ ਤਾਂ, ਗੱਲ ਕੋਈ ਨਹੀਂ ਕਰਨੀ

ਕਮਰਿਆਂ ਦੇ ਗੁਟਕਣ ਦੀ
ਤਾਰਿਆਂ ਦੇ ਝੁਰਮਟ ਦੀ
ਮੌਸਮਾਂ ਦੇ ਜੋਬਨ ਦੀ
ਆਪਣੇ ਬਾਰੇ ਸੋਚਣ ਦੀ

ਐਤਕੀਂ ਮਿਲੇ ਜੇ ਤਾਂ, ਗੱਲ ਕੋਈ ਨਹੀਂ ਕਰਨੀ

ਦਿਲ ਚ ਪਲਦੇ ਪਿਆਰਾਂ ਦੀ
ਅੱਖ ਚ ਖਿੜਦੇ ਖ਼ਵਾਬਾਂ ਦੀ
ਮੇਰੀਆਂ ਸਵਾਲਾਂ ਦੀ
ਤੇਰੀਆਂ ਜਵਾਬਾਂ ਦੀ

ਐਤਕੀਂ ਮਿਲੇ ਜੇ ਤਾਂ, ਗੱਲ ਕੋਈ ਨਹੀਂ ਕਰਨੀ

ਪੀਲੀਆਂ ਚ ਸਰੋਆਂ ਦੀ
ਅਲਸੀਆਂ ਦੇ ਫੁੱਲਾਂ ਦੀ
ਵਿਹੜੇ ਦੇ ਬਗ਼ੀਚੇ ਦੀ
ਤੂਤ ਦਿਆਂ ਘੱਲਾਂ ਦੀ

ਐਤਕੀਂ ਮਿਲੇ ਜੇ ਤਾਂ, ਗੱਲ ਸਿਰਫ਼ ਕਰਨੀ ਏ
ਝੁਕੀਆਂ ਨਿਗਾਹਵਾਂ ਦੀ
ਪੀਲੇ ਜ਼ਰਦ ਮਖਾਂ ਦੀ
ਥੱਲੇ ਸਿੱਟਿਆਂ ਧੂੰਆਂ ਦੀ
ਬਾਂਝ ਹੋਈਆਂ ਕੱਖਾਂ ਦੀ

ਐਤਕੀਂ ਮਿਲੇ ਜੇ ਤਾਂ, ਗੱਲ ਸਿਰਫ਼ ਕਰਨੀ ਏ

ਪੈਰ ਮਧੇ ਫੁੱਲਾਂ ਦੀ
ਤਾਰ ਤਾਰ ਖ਼ਵਾਬਾਂ ਦੀ
ਉਜੜੀ ਹੋਈ ਗਲੀਆਂ ਦੀ
ਜੈਨ ਦੇ ਅਜ਼ਾਬਾਂ ਦੀ

ਐਤਕੀਂ ਮਿਲੇ ਜੇ ਤਾਂ, ਗੱਲ ਸਿਰਫ਼ ਕਰਨੀ ਏ

ਖ਼ਾਰ ਖ਼ਾਰ ਪੈਰਾਂ ਦੀ
ਮਾਰੂਥਲ ਦੇ ਰਾਹਵਾਂ ਦੀ
ਕੀਤੀਆਂ ਜੋ ਸਾਡੇ ਲਈ
ਭੈੜੀਆਂ ਸਲਾਹਵਾਂ ਦੀ

ਐਤਕੀਂ ਮਿਲੇ ਜੇ ਤਾਂ, ਗੱਲ ਸਿਰਫ਼ ਕਰਨੀ ਏ

ਅੱਧ ਮੋਏ ਜਿਸਮਾਂ ਦੀ
ਚੀਰ ਫੁੱਟ ਰੂਹਾਂ ਦੀ
ਖ਼ੁਸ਼ਕ ਹੋਈਆਂ ਨਦੀਆਂ ਦੀ
ਸੁੰਨਸਾਨ ਜੂਹਾਂ ਦੀ

ਐਤਕੀਂ ਮਿਲੇ ਜੇ ਤਾਂ, ਗੱਲ ਸਿਰਫ਼ ਕਰਨੀ ਏ

ਹਵਾਲਾ: ਪੋਹ ਵਿਚ ਪਵੇ ਫੌਹਾਰ, ਜ਼ਾਹਿਦ ਜਰ ਪਾਲਵੀ; ਸਾਂਝ ਲਾਹੌਰ; ਸਫ਼ਾ 49 ( ਹਵਾਲਾ ਵੇਖੋ )