ਸਾਹਮਣੇ ਰੱਖ ਕੇ ਤਸੱਵਰ ਯਾਰ ਦਾ
ਇਸ਼ਕ ਦੀ ਹਰ ਰਮਜ਼ ਮੈਂ ਵੀ ਖੋਲ੍ਹਦਾ
ਖੋਲ੍ਹਦਾ ਜ਼ਿਹਨਾਂ ਦੇ ਸਾਰੇ ਦਰ ਭਿੜੇ
ਜੇ ਮੇਰੇ ਵਿਚ ਯਾਰ ਮੇਰਾ ਬੋਲਦਾ

ਇੱਜ਼ਤਾਂ ਸ਼ਰਮਾਂ ਦਾ ਮਤਲਬ ਕੀ ਲਵਾਂ
ਜਦ ਸਦਾ ਦਾਮਨ ਮੇਰਾ ਤਨਗੋਂ ਰਿਹਾ
ਮੈਂ ਸਾਹਵਾਂ ਦੀ ਜੰਗ ਕਿਵੇਂ ਲੜ ਲਵਾਂ
ਕੋਲ਼ ਮੇਰੇ ਅਸਲ੍ਹਾ ਵੀ ਮੰਗਵਾਂ ਪਿਆ

ਮੇਰੀਆਂ ਹਰਫ਼ਾਂ ਦੀ ਹੁਰਮਤ ਮਰ ਗਈ
ਮਾਨ ਕੀ ਕਰਦਾ ਮੈਂ ਖੋਈ ਖੌਂਦ ਤੇ
ਡੂੰਗੀਆਂ ਰਮਜ਼ਾਂ ਬਿਨਾਂ ਸ਼ਾਇਰੀ ਮੇਰੀ
ਕੀ ਅਸਰ ਕਰਦੀ ਕਿਸੇ ਦੀ ਹੋਂਦ ਤੇ

ਮੇਰਾ ਮਿਲ ਲਾਵਣ ਤੋਂ ਪਹਿਲਾਂ ਸੋਚ ਲੈ
ਮੈਂ ਨਵੇਂ ਰੇਸ਼ਮ ਚ ਲੁਕਿਆ ਟਾਟ ਹਾਂ
ਮੈਂ ਕਿਸੇ ਨੂੰ ਕੀ ਮੁਕੰਮਲ ਕਰ ਦੋਵਾਂ
ਮੈਂ ਤੇ ਖ਼ੁਦ ਜੀਵਨ ਦੀ ਵੱਡੀ ਘਾਟ ਹਾਂ

ਮੇਰੀਆਂ ਬਦਨਾਮੀਆਂ ਦਸ ਦੀ ਹਵਾ
ਅੱਜ ਧਾੜਾਂ ਮਾਰ ਆਪੇ ਰੋ ਪਈ
ਸ਼ਾਪਰਾਂ ਦੇ ਵਾਂਗ ਮੈਂ ਉੱਡਦਾ ਫਿਰਾਂ
ਮੇਰੇ ਤੋਂ ਖ਼ਲਕਤ ਦੂਰ ਅੱਡੇ ਹੋ ਗਈ

ਵੇਖੀਉ ਫਿਰ ਪੂਰੀਆਂ ਨਹੀਂ ਪੈਣੀਆਂ
ਰਹਿਣੀਆਂ ਜੇ ਇੰਜ ਦੀਆਂ ਜਮਹੂਰ ਤਾਂ
ਮੈਂ ਮੂੰਹਾਂ ਤੋਂ ਖ਼ੋਲ ਲਾਹੁੰਦਾ ਥੱਕ ਗਿਆਂ
ਸੂਰਤਾਂ ਅੰਦਰੋਂ ਨਾ ਮੁੱਕਣ ਸੂਰਤਾਂ

ਹਵਾਲਾ: ਪੋਹ ਵਿਚ ਪਵੇ ਫੌਹਾਰ, ਜ਼ਾਹਿਦ ਜਰ ਪਾਲਵੀ; ਸਾਂਝ ਲਾਹੌਰ; ਸਫ਼ਾ 28 ( ਹਵਾਲਾ ਵੇਖੋ )