ਕੱਜਲ ਭਿੰਨੀ ਅੱਖ ਦਾ ਮੰਜ਼ਰ ਸਾਂਭ ਲਿਆ

ਕੱਜਲ ਭਿੰਨੀ ਅੱਖ ਦਾ ਮੰਜ਼ਰ ਸਾਂਭ ਲਿਆ
ਜਿਹੜਾ ਜਿਧਰੋਂ ਆਇਆ, ਪੱਥਰ ਸਾਂਭ ਲਿਆ

ਗੰਢ ਜੋੜ ਕੇ ਲੀਰਾਂ ਲੱਥੇ ਵਰਕੇ ਨੂੰ
ਮਿਸਰਾ ਮਿਸਰਾ, ਅੱਖਰ ਅੱਖਰ ਸਾਂਭ ਲਿਆ

ਕੱਲ੍ਹ ਦੇ ਵਾਂਗਰ ਅੱਜ ਵੀ ਲੰਬੜਾਂ, ਖ਼ਾਣਾਂ ਨੇਂ
ਦਾਣਾ ਫਿੱਕਾ, ਖੇਤਰ ਖੇਤਰ ਸਾਂਭ ਲਿਆ

ਸੜ ਬਲ ਗਈਆਂ ਪੂਰਾਂ ਭਾਵੇਂ ਹੱਥ ਦੀਆਂ
ਇਹ ਪਰ ਬੁਝਦਾ ਬਲਦਾ ਅੱਥਰ ਸਾਂਭ ਲਿਆ

ਮੈਂ ਮੁਮਤਾਜ਼ ਰਫ਼ਾਕਤ ਆਪਣੇ ਅੱਖਰਾਂ ਵਿਚ
ਸਿਰ ਫਿਰਿਆਂ ਯਾਦਾਂ ਦਾ ਲਸ਼ਕਰ ਸਾਂਭ ਲਿਆ