ਕਹਾਣੀ ਵਿਚ ਮੇਰਾ ਕਿਰਦਾਰ ਮੰਨੇ

ਕਹਾਣੀ ਵਿਚ ਮੇਰਾ ਕਿਰਦਾਰ ਮੰਨੇ
ਮੈਂ ਜਿਸ ਵੇਲੇ ਮਰ ਗਿਆ ਤੇ ਯਾਰ ਮੰਨੇ

ਮੈਂ ਜੱਗ ਤੇ ਪਿਆਰ ਦੀ ਤਬਲੀਗ਼ ਕੀਤੀ
ਕਰੋੜਾਂ ਲੋਗ ਸੀ, ਦੋ ਚਾਰ ਮੰਨੇ

ਚਲੋ ਨਫ਼ਰਤ ਤੇ ਜੋ ਵੀ ਰਾਏ ਰੱਖੇ
ਜ਼ਮਾਨਾ ਪਿਆਰ ਨੂੰ ਤੇ ਪਿਆਰ ਮੰਨੇ

ਮੈਂ ਇਕੋ ਸ਼ਰਤ ਤੇ ਖੇਡਾਂ ਗਾ ਬਾਜ਼ੀ
ਕਿ ਜਿਹੜਾ ਹਾਰ ਜਾਵੇ ਹਾਰ ਮੰਨੇ

ਕਬੀਲਾ ਸਾਧੂਆਂ ਦਾ ਵੀ ਨਾ ਮੇਰਾ
ਤੇ ਦੁਨੀਆ ਵੀ ਨਾ ਦੁਨੀਆ ਦਾਰ ਮੰਨੇ