ਜੰਨਤ ਵਰਗੀ ਏ

ਦੁੱਖ ਭੁੱਲ ਕੇ ਅੱਜ ਫ਼ਿਰ ਹੱਸਾਂ ਮੈਂ
ਕਿਤੇ ਜੱਬਲਾਂ ਤੇ ਜਾ ਵਸਾਂ ਮੈਂ

ਜਿਥੇ ਵਲਾਂ ਓਲ੍ਹੇ ਪੁਲ਼ ਹੋਵੇ
ਹਰ ਪਾਸੇ ਖੁੱਲ੍ਹਿਆ ਫੁਲ ਹੋਵੇ

ਰੁੱਖ ਹੋਵਣ ਠੰਡੀ ਛਾਂ ਹੋਵੇ
ਮੇਰੀ ਝੁੱਗੀ ਉਸੇ ਥਾਂ ਹੋਵੇ

ਜਿਥੇ ਮੋਰ ਵੀ ਪੈਲਾਂ ਪਾਉਣ ਪਏ
ਮਨਮੋਹਣੀ ਚਾਲ ਵਿਖਾਉਣ ਪਏ

ਪਈ ਗਾਵੈ ਕੋਕੋ ਕੋਇਲ ਵੀ
ਸੁਰ ਨਾਲ਼ ਮਿਲਾਵੇ ਬੁਲਬੁਲ ਵੀ

ਮੱਧ ਹੋ ਕੇ ਵੇਖਾਂ ਚਸ਼ਮੇ ਨੂੰ
ਰੱਬ ਦੇ ਅਨਮੋਲ ਕ੍ਰਿਸ਼ਮੇ ਨੂੰ

ਜਦ ਵੇਖਾਂ ਸ਼ੀਸ਼ੇ ਪਾਣੀ ਦੇ
ਅਕਸ ਉਭਰਨ ਦਿਲਬਰ ਜਾਨੀ ਦੇ

ਚੜ੍ਹ ਜਾਵੇ ਇਸ਼ਕ ਦਾ ਰੰਗ ਮੈਨੂੰ
ਲੋਕੀ ਸਮਝਣ ਮਸਤ ਮਲੰਗ ਮੈਨੂੰ

ਇਕ ਪਿਆਰ ਦਾ ਬੂਟਾ ਲਾਵਾਂ ਮੈਂ
ਫ਼ਿਰ ਓਥੇ ਪੀਂਗਾਂ ਪਾਵਾਂ ਮੈਂ

ਕਦ ਮੂਰਖ ਦੁਨੀਆ ਸਮਝੀ ਏ
ਇਹ ਧਰਤੀ ਜੰਨਤ ਵਰਗੀ ਏ

ਜਦ ਲੋਕੀ ਉਸ ਨੂੰ ਸਮਝਣਗੇ
ਇਸ ਜੱਗ ਦੇ ਦੁੱਖੜੇ ਮੁੱਕਣਗੇ

ਹਵਾਲਾ: ਮੁੱਕਰ ਗਈਆਂ ਨੇਂ ਛਾਂਵਾਂ, ਅਲਰਜ਼ਾਕ ਪਬਲੀਕੇਸ਼ਨਜ਼ ਲਾਹੌਰ; ਸਫ਼ਾ 55 ( ਹਵਾਲਾ ਵੇਖੋ )