ਆਪਣੇ ਚਾਰ ਚੁਫੇਰੇ ਦੇਖਾਂ, ਜੰਗਲ਼, ਬੇਲੇ ਬਾਰਾਂ

ਆਪਣੇ ਚਾਰ ਚੁਫੇਰੇ ਦੇਖਾਂ, ਜੰਗਲ਼, ਬੇਲੇ ਬਾਰਾਂ
ਅੰਦਰ ਝਾਤੀ ਮਾਰਾਂ ਤੇ ਥਲ, ਘੂਰਨ ਨਿੱਤ ਹਜ਼ਾਰਾਂ

ਜਿੰਦੜੀ ਦੇ ਬਣ ਬੂਹੇ ਗੁੰਬਦ, ਦਾ ਹਾਂ ਅਜਲੋਂ ਕੈਦੀ,
ਕੌਣ ਸੁਣੇਗਾ ਮੇਰੇ ਹਾੜ੍ਹੇ, ਕਿਹਨੂੰ ਦੱਸ ਪੁਕਾਰਾਂ

ਹਿਜਰ-ਫ਼ਰਾਕ ਦੇ ਲੱਖਾਂ ਰਸਤੇ, ਹਰ ਰਸਤਾ ਅੱਤ ਲੰਮਾ
ਮੇਲ-ਮਿਲਾਪ ਦਾ ਇਕੋ ਪੈਂਡਾ, ਪੱਗ-ਪੱਗ ਮੰਜ਼ਿਲ ਮਾਰਾਂ

ਲੋਕਾਈ ਦੇ ਸੀਨੇ ਅੰਦਰ, ਸੱਚ ਹਰ ਪਲ ਕੁਰਲਾਵੇ,
ਲੱਜ ਆਵੇ ਮੈਨੂੰ ਇਹ ਕਹਿੰਦੇ, ਬੋਲਣ ਝੂਠ ਅਖ਼ਬਾਰਾਂ

ਮੈਨੂੰ ਵਿਹਲ ਮੁਰੰਮਤ ਦੀ ਵੀ, ਘਰ ਮੇਰਾ ਨeਹੈਂ ਦਿੰਦਾ
ਸਿਰ ਤੇ ਛੱਤ ਆ ਡਿੱਗਦੀ ਜਦ ਮੈਂ, ਢੱਠੀ ਕੰਧ ਅਸਾਰਾਂ

ਕਰਜ਼ੇ ਲਾਹੁੰਦੇ ਲਾਹੁੰਦੇ ਵਿਕ ਗਈ, ਆਪਣੀ ਰੱਤ ਵੀ ਆਰਿਫ਼
ਮੈਂ ਮਕਰੂਜ਼ ਹਾਂ ਹਰ ਬੰਦੇ ਦਾ, ਕਿਸ ਦਾ ਲੇਖਾ ਤਾਰਾਂ

See this page in  Roman  or  شاہ مُکھی

ਆਰਿਫ਼ ਅਬਦਾਲਮਤੀਨ ਦੀ ਹੋਰ ਕਵਿਤਾ