ਸੂਲਾਂ ਉੱਤੇ ਜਿੰਦੜੀ ਰੋਲਣ ਲੱਗ ਪਏ ਨੇ

ਸੂਲਾਂ ਉੱਤੇ ਜਿੰਦੜੀ ਰੋਲਣ ਲੱਗ ਪਏ ਨੇ
ਹੁਣ ਆਪਣੇ ਵੀ ਮੰਦਾ ਬੋਲਣ ਲੱਗ ਪਏ ਨੇ

ਪਹਿਲਾਂ ਤਾਂ ਉਹ ਮਿੱਠੇ ਬੋਲ ਸੁਣਾਉਂਦੇ ਸਨ
ਹੁਣ ਕੰਨਾਂ ਵਿਚ ਜ਼ਹਿਰਾਂ ਘੋਲਣ ਲੱਗ ਪਏ ਨੇ

ਝੱਲੇ ਲੋਕੀ ਸ਼ਰਮ ਹਿਆ ਤੇ ਪਿਆਰਾਂ ਨੂੰ
ਦੌਲਤ ਦੀ ਤੱਕੜੀ ਵਿਚ ਤੋਲਣ ਲੱਗ ਪਏ ਨੇ

ਇਸ ਤੋਂ ਵਧ ਕੇ ਹੋਰ ਗਵਾਹੀ ਕਿਹੜੀ ਏ
ਉਹਦੀ ਮੁੱਠ ਦੇ ਕੰਕਰ ਬੋਲਣ ਲੱਗ ਪਏ ਨੇ

ਇਹਨਾਂ ਹੰਝੂਆਂ ਨੂੰ ਤੇ ਡੱਕਣਾ ਪੈਣਾ ਏ
ਇਹ ਤੇ ਦਿਲ ਦੇ ਰਾਜ਼ ਫ਼ਰੋਲਣ ਲੱਗ ਪਏ ਨੇ