ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ

ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ
ਹੱਥੀਂ ਮਹੁਰਾ ਖਾ ਕੇ ਮਰਨਾ ਪੈਂਦਾ ਏ

ਬੇਚ ਕੇ ਅਪਣੇ ਜੁੱਸੇ ਦਾ ਲਹੂ ਕਦੇ ਕਦੇ
ਆਟੇ ਵਾਲਾ ਪੀਪਾ ਭਰਨਾ ਪੈਂਦਾ ਏ

ਲਹੂ ਦਾ ਹੋਵੇ ਭਾਵੇਂ ਦਰਿਆ ਭਾਂਬੜ ਦਾ
ਆਪਣੀ ਮੰਜ਼ਲ ਦੇ ਲਈ ਤਰਨਾ ਪੈਂਦਾ ਏ

ਕਦੇ ਕਦੇ ਤਾਂ ਮਾਣ ਕਿਸੇ ਦਾ ਰੱਖਣ ਲਈ
ਚਿੱਟੇ ਬੱਦਲਾਂ ਨੂੰ ਵੀ ਵਰ੍ਹਨਾ ਪੈਂਦਾ ਏ

ਵਿਚ ਹਿਆਤੀ ਇੰਝ ਦੇ ਮੋੜ ਵੀ ਆਉਂਦੇ ਨੇ
ਦੁਸ਼ਮਣ ਦਾ ਵੀ ਪਾਣੀ ਭਰਨਾ ਪੈਂਦਾ ਏ

ਜਿਹਨਾਂ ਦੇ ਘਰ ਬੇਰੀ 'ਬਾਬਾ' ਉਹਨਾਂ ਨੂੰ
ਕੱਚਾ ਪੱਕਾ ਰੋੜਾ ਜਰਨਾ ਪੈਂਦਾ ਏ