ਝੱਖੜਾਂ ਅੱਗੇ ਤਾਹਿਓਂ ਅੜਿਆ ਹੋਇਆ ਵਾਂ

ਝੱਖੜਾਂ ਅੱਗੇ ਤਾਹਿਓਂ ਅੜਿਆ ਹੋਇਆ ਵਾਂ ।
ਲੋਕਾਂ ਨਾਲੋਂ ਵੱਖ ਨਾ ਖੜਿਆ ਹੋਇਆ ਵਾਂ ।

ਅੱਜ ਵੀ ਜਿਹੜੇ ਕਹਿਣ ਕਸੀਦੇ ਹਾਕਮ ਦੇ,
ਉਨ੍ਹਾਂ ਸ਼ਾਇਰਾਂ ਕੋਲੋਂ ਸੜਿਆ ਹੋਇਆ ਵਾਂ ।

ਜਿਹੜੇ ਨਾਲ ਟੁਰੇ ਸਨ, ਕਿਧਰ ਟੁਰ ਗਏ ਨੇ,
ਵਖਤਾਂ ਨੂੰ ਮੈਂ 'ਕੱਲਾ' ਫੜਿਆ ਹੋਇਆ ਵਾਂ ।

ਇਕ ਦੂਜੇ ਦੀਆਂ ਲਾਸ਼ਾਂ ਉੱਤੇ ਭੁੜਕਣ ਲੋਕ,
ਰੱਬਾ! ਕਿਹੜੀ ਨਗਰੀ ਵੜਿਆ ਹੋਇਆ ਵਾਂ ।

ਨਿੰਦਿਆ ਕਿੰਝ ਕਰਾਂ ਨਾ ਕਾਣੀਆਂ ਵੰਡਾਂ ਦੀ,
ਬੁੱਲ੍ਹੇ ਦੇ ਮਦਰੱਸੇ ਪੜ੍ਹਿਆਆ ਹੋਇਆ ਵਾਂ ।

ਤੱਕੜੀ ਫੜ ਕੇ ਜੋ ਵੀ ਡੰਡੀ ਮਾਰੇਗਾ,
ਸਮਝੋ ਉਹਦੇ ਨਾਲ ਮੈਂ ਲੜਿਆ ਹੋਇਆ ਵਾਂ ।