ਤੇਰੇ ਸ਼ਹਿਰ ਦੇ ਬਾਬਾ ਨਜਮੀ, ਲੋਕ ਚੰਗੇਰੇ ਹੁੰਦੇ

ਤੇਰੇ ਸ਼ਹਿਰ ਦੇ ਬਾਬਾ ਨਜਮੀ, ਲੋਕ ਚੰਗੇਰੇ ਹੁੰਦੇ ।
ਝੁੱਗੀਆਂ ਵਿੱਚ ਨਾ ਚਾਨਣ ਬਦਲੇ, ਘੁੱਪ-ਹਨੇਰੇ ਹੁੰਦੇ ।

ਫੁੱਲਾਂ ਦੇ ਗੁਲਦਸਤੇ ਘੱਲਦੇ ਇਕ ਦੂਜੇ ਦੇ ਵੱਲੇ,
ਗਿਰਜੇ ਮੰਦਰ ਵਿੱਚ ਮਸੀਤੇ ਲੋਕ ਜੇ ਮੇਰੇ ਹੁੰਦੇ ।

ਮੈਂ ਵੀ ਘਰ ਦੇ ਓਬੜਾਂ ਅੱਗੇ ਰਾਜ਼ ਜੇ ਵੇਚੇ ਹੁੰਦੇ,
'ਸਰ' ਦਾ ਫੁੰਮਣ ਸਿਰ 'ਤੇ ਹੁੰਦਾ, ਲੰਡਨ ਡੇਰੇ ਹੁੰਦੇ ।

ਮੈਂ ਵੀ ਆਪਣੇ ਸੱਜਣਾਂ ਉੱਤੇ ਫੁੱਲਾਂ ਦਾ ਮੀਂਹ ਪਾਉਂਦਾ,
ਮੇਰੇ ਵੀ ਜੇ ਲੋਕਾਂ ਵਾਂਗੂੰ, ਕਾਸ਼, ਬਨੇਰੇ ਹੁੰਦੇ ।

ਮੇਰੇ ਚੰਮ ਦੀਆਂ ਵੱਟੀਆਂ ਵੱਟੋ, ਲਹੂ ਨਾਲ ਭਰ ਲਓ ਦੀਵੇ,
ਕਰ ਲਓ ਘਰ ਦੇ ਲੋਕੋ ਜੀਕਣ ਦੂਰ ਹਨੇਰੇ ਹੁੰਦੇ ।

ਮੇਰਾ ਨਾਂ ਵੀ ਹੁੰਦਾ 'ਬਾਬਾ' ਉਤਲੇ ਵਿੱਚ ਅਦੀਬਾਂ,
ਮੈਂ ਵੀ ਸ਼ਾਹ ਦੇ ਚਮਚੇ ਅੱਗੇ ਹੰਝੂ ਕੇਰੇ ਹੁੰਦੇ ।