ਮੇਰੀ ਅੱਗ ਦੇ ਉੱਤੇ ਅਪਣੀ ਪਾ ਕੇ ਅੱਗ

ਮੇਰੀ ਅੱਗ ਦੇ ਉੱਤੇ ਅਪਣੀ ਪਾ ਕੇ ਅੱਗ
ਕਿਧਰ ਚੱਲੇ ਭਾਂਬੜ ਬਣਾ ਕੇ ਮੇਰੀ ਅੱਗ

ਦੀਵੇ ਨਾਲ ਨਈਂ ਜਾਣਾ ਏਸ ਹਨੇਰੇ ਨੇ
ਰੱਖ ਤਲੀ ਤੇ ਅਪਣੇ ਦਿਲ ਨੂੰ ਲਾ ਕੇ ਅੱਗ

ਏਹਦੇ ਵਰਗੀ ਦੋਜ਼ਖ਼ ਦੀ ਵੀ ਹੋਣੀ ਨਈਂ
ਚੱਲੇ ਜੇਹੜੀ ਏਥੇ ਅਸੀਂ ਹੰਢਾ ਕੇ ਅੱਗ

ਬੁੱਲੇ ਨਾਲੋਂ ਹੱਥ ਅਗੇਰੇ ਜਾਵਾਂਗਾ
ਜਦ ਮੈਂ ਨੱਚਿਆ ਅਪਣੇ ਪੈਰੀਂ ਪਾ ਕੇ ਅੱਗ

ਕਿਬਲਾ ਸਿੱਧਾ ਕਰ ਲਉ ਆਪਣਾ ਚੌਧਰੀਓ
ਜਨਤਾ ਨਿਕਲ ਪਵੇ ਨਾ ਕਿਧਰੇ ਖਾ ਕੇ ਅੱਗ

ਦਿੱਤੀ ਢਿੱਲ ਤੇ ਤੇਰੇ ਅੰਬਰ ਸਾੜੇਗੀ
ਰੱਖੀ ਜੇਹੜੀ ਸੀਨੇ ਵਿਚ ਦਬਾ ਕੇ ਅੱਗ

ਖੇੜੇ ਜੇਹੜੀ ਬਾਲੀ ਮੈਨੂੰ ਸਾੜਨ ਲਈ
ਪਰਤਾਂਗਾ ਮੈਂ ਵੰਝਲੀ ਨਾਲ ਬੁਝਾ ਕੇ ਅੱਗ

ਮੈਂ ਕੀ 'ਬਾਬਾ ਨਜਮੀ' ਤੇਰੇ ਚੁਲ੍ਹੇ ਦੀ
ਰੋਜ਼ ਭਰਾਵਾਂ ਵੀ ਨਹੀਂ ਬਾਲਣੀ ਆ ਕੇ ਅੱਗ