ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ

ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ
ਫਿਰ ਵੀ ਨਹੀਉਂ ਭਰਿਆ ਛੰਨਾਂ ਚੂਰੀ ਨਾਲ

ਖੁਸ਼ੀਆਂ ਨਾਲ ਨਹੀਂ ਛੱਡੀ ਆਪਣੀ ਜੰਮਣ-ਭੋਂ
ਤੇਰੇ ਸ਼ਹਿਰ 'ਚ ਆਇਆ ਵਾਂ ਮਜ਼ਬੂਰੀ ਨਾਲ

ਮੇਰੇ ਨਾਲੋਂ ਕੁਹਝਾ ਪੁੱਤਰ ਲੰਬੜਾਂ ਦਾ
ਧਰਤੀ ਉੱਤੇ ਫਿਰਦਾ ਏ ਮਗ਼ਰੂਰੀ ਨਾਲ

ਭਗਤ ਸਿੰਘ ਤੇ ਦੁੱਲਾ , ਜਬਰੂ ਮੇਰਾ ਲਹੂ
ਕਿੰਝ ਖਲੋਵਾਂ ਗ਼ਜਨੀ ਤੇ 'ਤੈਮੂਰੀ' ਨਾਲ

ਮੇਰਾ ਕਲਮ-ਕਬੀਲਾ ਉਹਨਾਂ ਵਿੱਚੋਂ ਨਈਂ
ਅੱਖਰ ਜਿਹੜੇ ਲਿਖਦੇ ਨੇ ਮਨਜੂਰੀ ਨਾਲ

ਸ਼ੀਸ਼ੇ ਵੱਲੇ ਕਰਕੇ ਕੰਡ ਖਲੋਣਾ ਨਈਂ
ਜਿੰਨਾ ਮਰਜ਼ੀ ਵੇਖੋ ਮੈਨੂੰ ਘੂਰੀ ਨਾਲ

'ਬਾਬਾ' ਉਹ ਵੀ ਸੋਚੇ ਮੇਰੇ ਬਾਲਾਂ ਲਈ
ਜਿਸਦਾ ਖੀਸਾ ਭਰਨਾ ਵਾਂ ਕਸਤੂਰੀ ਨਾਲ

ਹਵਾਲਾ: ਸੋਚਾਂ ਵਿਚ ਜਹਾਨ; ਪੰਜਾਬ ਸਵੇਰ ਕਰਾਚੀ; ਸਫ਼ਾ 51