ਪਹਿਲਾ ਬੋਲ ਸਮਰਪਿਤ ਮੇਰਾ, ਕੁਲ ਧਰਤੀ ਦੀਆਂ ਮਾਵਾਂ ਨੂੰ

ਪਹਿਲਾ ਬੋਲ ਸਮਰਪਿਤ ਮੇਰਾ, ਕੁਲ ਧਰਤੀ ਦੀਆਂ ਮਾਵਾਂ ਨੂੰ
ਪਾਲ਼ ਪੋਸ ਜਿੰਨ ਵੱਡਿਆਂ ਕੀਤਾ, ਨਿੱਕਿਆਂ ਨਿੱਕਿਆਂ ਚਾਵਾਂ ਨੂੰ

ਧਰਮੀ ਬਾਬਲ ਜੁਗਤ ਸਿਖਾਈ, ਚੜ੍ਹਦੇ ਪਾਣੀ ਤਰਨ ਲਈ
ਪਾਰ ਕਰਨ ਦੀ ਤਾਕਤ ਬਖ਼ਸ਼ੀ, ਭਰ ਵਗਦੇ ਦਰਿਆਵਾਂ ਨੂੰ

ਰੂਪ ਮੇਰੇ ਵਿਚ ਤੂੰ ਵੀ ਸ਼ਾਮਿਲ, ਸੂਰਜ ਦੀ ਲਿਸ਼ਕੋਰ ਦੇ ਵਾਂਗ
ਨਵਾਂ ਨਵੇਲਾ ਰੰਗ ਚੜ੍ਹਾਇਆ, ਆਉਂਦੇ ਜਾਂਦੇ ਸਾਹਵਾਂ ਨੂੰ

ਘਾਹ ਦੀਆਂ ਪੱਤਿਆਂ, ਤ੍ਰੇਲ ਦੇ ਮੋਤੀ, ਕਰਨ ਗੁਫ਼ਤਗੂ ਸ਼ਾਮ ਸਵੇਰ
ਵੇਖ ਲਿਆ ਕਰ ਤੜਕਸਾਰ ਤੋਂ, ਮੰਨ ਤੋਂ ਮੰਨ ਦੇ ਰਾਹਵਾਂ ਨੂੰ

ਸੱਜਰੀ ਸੱਜਰੀ, ਕੋਸੀ ਕੋਸੀ, ਸਿਖ਼ਰ ਸਿਆਲ਼ੀ ਧੁੱਪ ਦੇ ਵਾਂਗ
ਰਿਸ਼ਮ ਰੁਪਹਿਲੀ ਬਣ ਆਇਆ ਕਰ, ਸਾਡੇ ਵਤਨ ਗਰਾਵਾਂ ਨੂੰ

ਬੱਚਿਆਂ ਹੱਥੋਂ ਟੁਕਰ ਖੋਂਦੇ, ਝਪਟ ਮਾਰ ਕੇ ਉਡ ਜਾਂਦੇ
ਮਾਰ ਗ਼ੁਲੇਲਾਂ ਚੱਲ ਉਡਾਈਏ, ਮੱਕੀਆਂ ਡੰਗਦੇ ਕਾਵਾਂ ਨੂੰ

ਉਂਗਲ਼ੀ ਪਕੜ ਸਿਖਾਇਆ ਤੁਰਨਾ, ਪਰ ਦਿੱਤੇ ਨੇਂ ਉੜਨ ਲਈ
ਸਦਾ ਸਲਾਮਤ ਰੱਖੀਂ ਮੌਲਾ, ਮੇਰੇ ਭੈਣ ਭਰਾਵਾਂ ਨੂੰ

ਹਵਾਲਾ: ਰਾਵੀ, ਗੁਰਭਜਨ ਗਿੱਲ; ਸਾਂਝ ਲਾਹੌਰ; ਸਫ਼ਾ 9 ( ਹਵਾਲਾ ਵੇਖੋ )