ਲੋਕ ਹੈਰਾਨ ਪਤਾ ਨਹੀਂ ਕਿਉਂ ਨੇ

ਲੋਕ ਹੈਰਾਨ ਪਤਾ ਨਹੀਂ ਕਿਉਂ ਨੇਂ, ਸਾਗ਼ਰ ਵਿਚ ਜੋ ਲਾਵਾ ਫੁਟਿਆ
ਇਹ ਤਾਂ ਉਹੀ ਜਬਰ ਸਮੇ ਦਾ, ਦੰਦਾਂ ਹੇਠ ਸੀ ਧਰਤੀ ਘੁਟੀਆ

ਅੱਖ ਦਾ ਤੇਜ਼,ਮੜਕ,ਮਰਿਆਦਾ, ਖੋਹ ਕੇ ਸਾਥੋਂ ਕਿਉਂ ਪੁੱਛਦੇ ਹੋ,
ਕਿਸ ਨੇ ਸਿਖ਼ਰ ਦੁਪਹਿਰੇ ਸਾਦੇ , ਦੀਨ ਈਮਾਨ ਧਰਮ ਨੂੰ ਲੁੱਟਿਆ

ਦਿਨ ਚੜ੍ਹਦੇ ਇਸੇ ਵਿਚ ਆਪੇ, ਡਿੱਗ ਪਏ ਵੇਖੋ, ਬੜੇ ਸਿਆਣੇ,
ਦੂਸਰਿਆਂ ਦੇ ਬੂਹੇ ਅੱਗੇ, ਜਿਨ੍ਹਾਂ ਰਾਤ ਸੀ ਟੋਇਆ ਪੱਟਿਆ

ਉੱਤੋਂ ਅੱਗੇ ਅੰਤ ਪੜਾਅ ਹੈ, ਸਾਵਧਾਨ ਜੋ ਕਰਦਾ ਸੀ ਉਹ,
ਅੰਨ੍ਹੀ ਤਾਕਤ ਅੰਨ੍ਹੀ ਹੋ ਕੇ, ਸਭ ਤੋਂ ਬਹੁਤਾ ਉਸ ਨੂੰ ਕੁੱਟਿਆ

ਸਫ਼ਰ ਨਿਰੰਤਰ ਸਾਹੀਂ ਮੇਰੇ, ਤੁਰਦੇ ਤੁਰਦੇ ਤੁਰਦੇ ਜਾਣਾ,
ਮੰਜ਼ਿਲ ਤੀਕ ਤੁਰਨ ਦਾ ਦਾਈਆ, ਥੱਕਿਆ ਹਾਂ ਪਰ, ਮੈਂ ਨਹੀਂ ਟੁੱਟਿਆ

ਵਿਸ਼ਗੰਦਲਾ ਹਰ ਬੂਟਾ ਕਹਿੰਦੇ, ਪੈਲੀ ਵਿਚੋਂ ਮਾਰ ਮੁਕਾਉਣਾ,
ਕਮਰਾਂ ਕਸ ਕੇ ਵੇਖ ਲਵੋ ਪਿੰਡ, ਸਾਰਾ ਹੈ ਸਿਰ ਜੋੜ ਕੇ ਜੁਟਿਆ

ਅੱਧ ਵਰਤਾ ਜ਼ਖ਼ਮੀ ਕਰਕੇ ਗ਼ਾਫ਼ਲ ਨਾ ਹੋ ਜਾਈਓ ਕਿਧਰੇ,
ਹੱਥਾਂ ਬਾਝ ਕਰਾਰੀਆਂ ਦੁਸ਼ਮਣ, ਆਪ ਕਦੇ ਹਥਿਆਰ ਨਾ ਸੁੱਟਿਆ

ਹਵਾਲਾ: ਰਾਵੀ, ਗੁਰਭਜਨ ਗਿੱਲ; ਸਾਂਝ ਲਾਹੌਰ; ਸਫ਼ਾ 47 ( ਹਵਾਲਾ ਵੇਖੋ )