ਰੂਪ ਸਰੂਪ ਨਕਸ਼ਿਆਂ ਤੋਂ ਬਿਣ

ਰੂਪ ਸਰੂਪ ਨਕਸ਼ਿਆਂ ਤੋਂ ਬਿਣ, ਦਿਲ ਤੋਂ ਦਿਲ ਨੂੰ ਰਾਹ ਹੁੰਦੇ ਨੇਂ
ਸੌਖਾ ਨਹੀਂ ਮਹਿਸੂਸ ਕਰਨ ਇਹ, ਇੱਕ ਧੜਕਣ ਦੋ ਸਾਹ ਹੁੰਦੇ ਨੇਂ

ਫੁੱਲ ਪੱਤਿਆਂ ਵਿਚ ਜਿਉਂ, ਖ਼ੁਸ਼ਬੋਈ ਅਣ ਦਸਦੀ, ਪਰ ਹਾਜ਼ਰ ਹੋਵੇ,
ਪੌਣਾਂ ਦੇ ਮਦਮਸਤ ਫੁਹਾਰੇ, ਇਸਦੇ ਅਸਲ ਗਵਾਹ ਹੁੰਦੇ ਨੇਂ

ਨੰਗੀ ਅੱਖ ਨੂੰ ਦਿਸਦਾ ਕੁਝ ਨਾ, ਕੀ ਹੈ ਮੰਨ ਦੇ ਅੰਦਰ ਤੁਰਦਾ,
ਮੇਰੇ ਵਰਗੇ ਪਾਂਧੀ ਤਾਹੀਓਂ, ਰਾਹਾਂ ਵਿਚ ਗੁਮਰਾਹ ਹੁੰਦੇ ਨੇਂ

ਪਿਆਰ ਗ਼ੁਲਾਮ ਕਦੇ ਨਹੀਂ ਹੁੰਦਾ, ਘੜੀਆਂ ਪਹਿਰ ਦਿਵਸ ਨਾ ਭਲਿਓ,
ਇੱਕ ਫੁੱਲ ਸੁਰਖ਼ ਗੁਲਾਬ ਸੌਂਪ ਕੇ, ਕਰਜ਼ੇ ਕਿੱਥੇ ਲਾਹ ਹੁੰਦੇ ਨੇਂ

ਇਹ ਤਾਂ ਸਾਡੇ ਅੰਦਰ ਤੁਰਦੀ, ਫਿਰਦੀ ਹੈ ਜੋ ਅਗਨ ਅਜੂਨੀ,
ਓਦਾਂ ਮੋਹ ਦੀਆਂ ਤੰਦਾਂ ਖ਼ਾਤਿਰ, ਕਿੱਥੇ ਚਰਖ਼ੇ ਡਾਹ ਹੁੰਦੇ ਨੇਂ

ਆਪਸ ਵਿਚ ਵਿਸ਼ਵਾਸ ਦੇ ਪਾਤਰ, ਜੇਕਰ ਹੋਣ ਸੁਣੀ ਦੇ ਨਾਤੇ,
ਸੱਚ ਪੁੱਛੋ ਤਾਂ ਇਹ ਹੀ ਰਿਸ਼ਤੇ, ਦੇਣ ਦੁਣੀ ਦੇ ਸ਼ਾਹ ਹੁੰਦੇ ਨੇਂ

ਧਰਤੀ ਅੰਬਰ ਪਾਰ ਸੂਰਜੋਂ, ਮਾਰ ਉਡਾਰੀ ਜਿਹੜੇ ਪਹੁੰਚਣ,
ਕਾਲ਼ ਮੁਕਤ ਹਿਰਨੂਟੇ ਮੰਨ ਹੀ, ਸੱਚੀਂ ਬੇ ਪ੍ਰਵਾਹ ਹੁੰਦੇ ਨੇਂ

ਹਵਾਲਾ: ਰਾਵੀ, ਗੁਰਭਜਨ ਗਿੱਲ; ਸਾਂਝ ਲਾਹੌਰ; ਸਫ਼ਾ 49 ( ਹਵਾਲਾ ਵੇਖੋ )