ਧੋ ਦੇ ਰੂਹ ਤੋਂ ਨਕਸ਼ ਉਦਾਸੇ, ਹੱਸਿਆ ਕਰ ਮੁਸਕਾਇਆ ਕਰ ਤੂੰ
ਜ਼ਿੰਦਗੀ ਤਾਂ ਇੱਕ ਅਮਰ ਗੀਤ ਹੈ, ਨਾ ਦਿਲ ਚਾਹੇ ਗਾਇਆ ਕਰ ਤੂੰ
ਜਿਹੜੀ ਦਸਤਕ ਸੁਪਨੇ ਅੰਦਰ, ਵਾਰ ਵਾਰ ਖੜਕਾਵੇ ਬੂਹੇ,
ਖੋਲ ਦਿਆ ਕਰ ਮੰਨ ਦੇ ਜੰਦਰੇ, ਉਸ ਨੂੰ ਦਰਦ ਸੁਣਾਇਆ ਕਰ ਤੂੰ
ਤੇਰੇ ਨਾਲੋਂ ਵੱਧ ਕੇ ਦੁਖੀਏ, ਹੋਰ ਬਥੇਰੇ ਉਹ ਵੀ ਲੋਕੀਂ,
ਜਿਨ੍ਹਾਂ ਕੋਲ਼ ਸ਼ਬਦ ਵੀ ਹੈ ਨਹੀਂ, ਦਿਲ ਨੂੰ ਇਹ ਸਮਝਾਇਆ ਕਰ ਤੂੰ
ਜਿਥੇ ਰੀਝਾਂ, ਸੁਪਨੇ ਸੂਹੇ, ਖੁਸ਼ਬੋਈਆਂ ਨੇ ਚੌਂਕ ਚੁਰਸਤੇ,
ਘੁੰਮਣ ਘੇਰਾ ਤੋੜਨ ਮਗਰੋਂ, ਇਸ ਨਗਰ ਵੀ ਜਾਇਆ ਕਰ ਤੂੰ
ਤ੍ਰੇਲ ਦੇ ਮੋਤੀ ਫੁਲਾਂ ਉਤੇ, ਦਿਨ ਚੜ੍ਹਦੇ ਤਾਂ ਸਾਥ ਨਿਭਾਉਂਦੇ,
ਰੰਗ ਉਦਾਸ ਨਾ ਹੋਣ ਦਿਆ ਕਰ, ਖ਼ੁਸ਼ਬੋਈ ਬਣ ਜਾਇਆ ਕਰ ਤੂੰ
ਦਰਦ ਪੋਟਲ਼ੀ ਦੇ ਜਾਂਦੇ ਨੇਂ, ਅਕਸਰ ਹੁਣ ਤਾਂ ਬਹੁਤੇ ਆਪਣੇ,
ਇਹ ਅਨ ਮੰਨਵੀਂ ਮਹਿੰਗੀ ਪੂੰਜੀ, ਹੱਸ ਕੇ ਝੋਲ਼ੀ ਪਾਇਆ ਕਰ ਤੂੰ
ਵਿੰਗ ਤੜਿੰਗੇ ਰਾਹ ਤੇ ਪੈਂਡੇ, ਅਸਲ ਕਿਤਾਬ ਹਯਾਤੀ ਵਾਲੀ,
ਡੋਲਦਿਆਂ ਕਦਮਾਂ ਨੂੰ ਇਸ ਤੋਂ, ਪੜ੍ਹ ਕੇ ਸਬਕ ਪੜ੍ਹਾਇਆ ਕਰ ਤੂੰ
ਹਵਾਲਾ: ਰਾਵੀ, ਗੁਰਭਜਨ ਗਿੱਲ; ਸਾਂਝ ਲਾਹੌਰ; ਸਫ਼ਾ 23 ( ਹਵਾਲਾ ਵੇਖੋ )