ਕਦੀ ਜੇ ਓਸ ਦੇ ਮੁਖੜੇ ਤੋਂ ਪਰਦਾ ਸਿਰਕਿਆ ਹੁੰਦਾ

ਕਦੀ ਜੇ ਓਸ ਦੇ ਮੁਖੜੇ ਤੋਂ ਪਰਦਾ ਸਿਰਕਿਆ ਹੁੰਦਾ
ਮੇਰੀ ਅੱਖੀਆਂ ਦਾ ਸ਼ੀਸ਼ਾ ਫੇਰ ਕਿਉਂ ਨਾ ਤਿੜਕਿਆ ਹੁੰਦਾ

ਉਹਦੇ ਲੰਘਣ ਦੀ ਖ਼ੁਸ਼ਬੂ ਇਸ ਤਰ੍ਹਾਂ ਆਉਂਦੀ ਫ਼ਿਜ਼ਾਵਾਂ ਚੋਂ,
ਇਤਰ ਜੀਵੇਂ ਕਿਸੇ ਨੇ ਰਾਹ ਵਿਚ ਹੈ ਛਿੜਕਿਆ ਹੁੰਦਾ

ਤੂੰ ਮਰਮਰ ਸੰਗ ਦੀ ਸਾਰੀ ਮੁਲਾਇਮੀ ਭੁੱਲ ਜਾਣੀ ਸੀ,
ਕਦੀ ਜੇ ਯਾਰ ਮੇਰਾ ਤੂੰ ਵੀ ਮਾਹੀਆ ਦੇਖਿਆ ਹੁੰਦਾ

ਤੂੰ ਸ਼ਰ ਦਾ ਬੀਜ ਬੀਜਣ ਵਾਲਿਆ ਮੇਰੀ ਜ਼ਮੀਨ ਉੱਤੇ,
ਤੂੰ ਜੰਮਨ ਤੋਂ ਹੀ ਪਹਿਲਾਂ ਕੀ ਸੀ ਜੇਕਰ ਮਰ ਗਿਆ ਹੁੰਦਾ

ਕਦੀ ਮੰਜ਼ਿਲ ਨਹੀਂ ਹੁੰਦੀ ਨਸੀਬਾਂ ਉਹਦਿਆਂ ਅੰਦਰ,
ਜੋ ਬੰਦਾ ਆਪ ਆਪਣੇ ਪੈਰ ਤੋਂ ਹੈ ਥਿੜਕਿਆ ਹੁੰਦਾ

ਉਹਦੇ ਮੁਖੜੇ ਦੀ ਲਾਲੀ ਇਸ ਤਰ੍ਹਾਂ ਦਿੰਦੀ ਵਿਖਾਈ ਏ,
ਜਿਵੇਂ ਸ਼ੌਅਲਾ ਕੋਈ ਏ ਤੂਰ ਉੱਤੇ ਭੜਕਿਆ ਹੁੰਦਾ

ਤੇਰੇ ਲਈ ਖੋਲ੍ਹ ਛੱਡਣੇ ਸਨ ਉਨ੍ਹੇ ਸਭ ਆਪਣੇ ਦਰਵਾਜ਼ੇ,
ਤੂੰ ਘੁੰਗਰੂ ਬਣ ਕੇ ਦਰ ਤੇ ਜੇ ਉਸ ਦੇ ਥਿਰਕਿਆ ਹੁੰਦਾ

ਮੇਰੇ ਮਨ ਦੀ ਪਿਆਸੀ ਧਰਤ ਨੇ ਸੈਰਾਬ ਹੋਣਾ ਸੀ,
ਤੇਰੇ ਅੰਦਰ ਜੇ ਬੱਦਲ ਪਿਆਰ ਵਾਲਾ ਕੜਕਿਆ ਹੁੰਦਾ

ਮੈਂ ਐਵੇਂ ਤੇ ਨਹੀਂ ਉਸ ਜ਼ਾਤ ਤੇ ਈਮਾਨ ਲੈ ਆਂਦਾ,
ਜੇ ਤੂੰ ਵੀ ਵੇਖ ਲੈਦਾ ਓਸ ਨੂੰ ਤੇ ਫੜਕਿਆ ਹੁੰਦਾ

ਉਦਾ ਮੱਖਣ ਜਿਹਾ ਮੁਖੜਾ ਤੇਰੇ ਲੇਖਾਂ 'ਚ ਹੋਣਾ ਸੀ,
ਕਦੀ ਅਰਸ਼ਦ ਜੇ ਉਹਨੂੰ ਵਾਂਗ ਦੁੱਧ ਦੇ ਰਿੜਕਿਆ ਹੁੰਦਾ