ਹਰ ਸ਼ੈ ਪੀਲੀ ਪੀਲੀ ਜਾਪੇ, ਸੁੱਕੇ ਪਈ ਹਰਿਆਲੀ

ਹਰ ਸ਼ੈ ਪੀਲੀ ਪੀਲੀ ਜਾਪੇ, ਸੁੱਕੇ ਪਈ ਹਰਿਆਲੀ
ਦੁੱਖਾਂ ਵਾਲਾ ਪੰਧ ਨਹੀਂ ਮੁੱਕਿਆ, ਜਿੰਦੜੀ ਮੁੱਕਣ ਵਾਲੀ ਏ

ਤੇਰੇ ਸ਼ਹਿਰ ਤਾਂ ਚੱਲ ਨਹੀਂ ਸਕਣਾ, ਮੇਰੇ ਸੱਚ ਦੇ ਸਕੇ ਨੇ,
ਇਥੇ ਸਿੱਕਾ ਉਹ ਚਲਦਾ ਏ, ਝੂਠ ਜਿਹਦੀ ਕਠਿਆਲੀ ਏ

ਨਾ ਮੈਂ ਤੇਰੇ ਖ਼ੌਫ਼ ਦਾ ਕੈਦੀ, ਨਾ ਤੂੰ ਮੇਰਾ ਮਹਸਨ ਐਂ,
ਤੇਰੇ ਕੋਲੋਂ ਮੈਂ ਡਰਨਾ ਵਾਂ, ਤੇਰੀ ਖ਼ਾਮ-ਖ਼ਿਆਲੀ ਏ

ਪਹਿਲਾਂ ਵਰਗੀ ਯਾਰੀ ਕਿੱਥੇ, ਗ਼ਰਜ਼ਾਂ ਦੇ ਇਸ ਦੌਰ ਦੇ ਵਿਚ,
ਵੇਲੇ ਸਿਰ ਜੋ ਕੰਮ ਆ ਜਾਵੇ, ਬੱਸ ਉਹ ਯਾਰ ਮਿਸਾਲੀ ਏ

ਉਮਰ-ਕਿਤਾਬ ਦੇ ਬਾਕੀ ਵਰਕੇ ਇਕ ਇਕ ਥਾਂ ਤੋਂ ਭਰ ਗਏ ਨੇ,
ਸਿਰਫ਼ ਖ਼ਲੂਸ-ਵਫ਼ਾ ਦਾ ਵਰਕਾ, ਹਰ ਇਕ ਥਾਂ ਤੋਂ ਖ਼ਾਲੀ ਏ

ਇਸੇ ਤੋਂ ਅੰਦਾਜ਼ਾ ਲਾ ਲੈ, ਆਪਣੇ ਸ਼ਾਤਰ-ਪੁੰਨ ਦਾ ਤੋਂ,
ਮੇਰਾ ਸੱਜਣ ਬਣ ਕੇ ਵੀ ਤੂੰ, ਮੇਰੀ ਪੱਗ ਉਛਾਲੀ ਏ

ਪਰ੍ਹੀਆ ਦਾ ਪ੍ਰਧਾਨ ਸਲੀਮ ਉਹ ਬਣਿਆ ਏ, ਰੱਬ ਖ਼ੈਰ ਕਰੇ,
ਜੋ ਇਨਸਾਫ਼ ਨਾ ਉੱਕਾ ਜਾਣੇ, ਜੋ ਅਹਿਸਾਸ ਤੋਂ ਖ਼ਾਲੀ ਏ