ਸਾਡੇ ਅੰਗ ਤ੍ਰੇੜਾਂ ਪਈਆਂ

ਵੇ ਬਾਬਲ ਸੰਕੂ ਨੀਂਦ ਨਾ ਪੁਣਦੀ
ਅਤੇ ਦੁੱਖਣ ਅੱਖੀਂ ਦੇ ਕੋਏ
ਯਾਦ ਸਿਰਹਾਣੇ ਕਰਾਂ ਸਿਆਪੇ
ਸੱਜਣ ਜਦੋਂ ਦੇ ਮੋਏ
ਮੋਏ ਸੱਜਣ ਤੇ ਚਿੱਤਰ ਰੁੱਸਿਆ
ਵਿਸਰ ਬਹਾਰਾਂ ਗਈਆਂ
ਸਾਡੇ ਅੰਗ ਤ੍ਰੇੜਾਂ ਪਈਆਂ
ਸਾਡੇ ਅੰਗ ਤ੍ਰੇੜਾਂ ਪਈਆਂ

ਹਿਜਰ ਦਾ ਵਟਣਾ ਪੀੜ ਦਾ ਬਾਣਾ
ਖੂਹ ਨੈਣਾਂ ਦਾ ਜੋਅ ਕੇ
ਰੁੱਖ ਸਾਹਵੇਂ ਤੇਰੀ ਯਾਦ ਨੂੰ ਬੈਠੇ
ਚਾਨਣੀਆਂ ਵਿਚ ਧੋਕੇ
ਅਸਾਂ ਤਾਂ ਜੁਗ ਜੁਗ ਹਿਜਰ ਹੰਢਾਇਆ
ਇਸ ਪਰਤ ਨਾ ਸਾਰਾਂ ਲਈਆਂ
ਸਾਡੇ ਅੰਗ ਤ੍ਰੇੜਾਂ ਪਈਆਂ

ਚੀਕਣੀ ਮਿੱਟੀ ਵਿਆਹ ਲੈ ਜਾਂਦੇ
ਜੋ ਕੱਲਰਾਂ ਦੇ ਜਾਏ
ਕਾਲੇ ਕਾਗ ਪੀਣ ਸਰੋਵਰ
ਹੰਸ ਰਹਿਣ ਤਰੇਹਾਏ
ਨਦਿਓਂ ਪਾਰ ਸੌਦਾਗਰ ਟੁਰ ਗਏ
ਅਸੀਂ ਬੈਠ ਪਤਨ ਤੇ ਰਹੀਆਂ
ਸਾਡੇ ਅੰਗ ਤ੍ਰੇੜਾਂ ਪਈਆਂ