ਜ਼ਿਹਨਾਂ ਚੋਂ ਦਾਨਾਈ ਮੁੱਕੀ

ਜ਼ਿਹਨਾਂ ਚੋਂ ਦਾਨਾਈ ਮੁੱਕੀ
ਕਲਮਾਂ ਦੀ ਰੁਸ਼ਨਾਈ ਮੁੱਕੀ

ਹੋਰ ਕਿਆਮਤ ਕੇਹਾ ਹੋਣੀ ਏ?
ਉਹਦੀ ਖੇਡ ਖਡਾਈ ਮੁੱਕੀ

ਮੁੜ ਤੋਂ ਸਾਰਾ ਸੌਦਾ ਹੋਸੀ
ਯਾਰਾ! ਤੇਰੀ ਸਾਈ ਮੁੱਕੀ

ਮਸਤ ਮਲਿੰਗਾ ਵੀ ਕੁੰਡ ਕੀਤੀ
ਡੇਰੇ ਤੋਂ ਸਰਦਾਈ ਮੁੱਕੀ

ਉਹਨੇ ਛੱਡਿਆ ਏ ਖ਼ੁਸ਼ ਆਂਂ
ਆਪਣੇ ਨਾਲ਼ ਲੜਾਈ ਮੁੱਕੀ

ਰੱਬ ਕਿਸੇ ਦਾ ਦਿਲ ਨਾਂ ਤੋੜੇ
ਲਗਦਾ ਨਾਲ਼ ਖ਼ੁਦਾਈ ਮੁੱਕੀ

ਉਮਰਾਂ ਮੁੱਕੀਆਂ, ਚੰਗਾ ਹੋਇਆ
ਬਦਨਾਮੀ, ਰੁਸਵਾਈ ਮੁੱਕੀ

ਆਰਿਫ਼ ਮਰਿਆ, ਸੱਜਣ ਚਹਿਕੇ
ਉਨ੍ਹਾਂ ਦੀ ਅੱਚੋਆਈ ਮੁੱਕੀ