ਦੁੱਖਾਂ ਦੀ ਸ਼ਾਹਕਾਰ, ਕਹਾਣੀ ਫੇਰ ਕਹਵਾਂਗਾ

ਦੁੱਖਾਂ ਦੀ ਸ਼ਾਹਕਾਰ, ਕਹਾਣੀ ਫੇਰ ਕਹਵਾਂਗਾ
ਮਿਲ ਗਏ ਜੇ ਗ਼ਮ ਖ਼ਾਰ, ਕਹਾਣੀ ਫੇਰ ਕਹਵਾਂਗਾ

ਨਿੱਕੀ ਉਮਰੇ ਦੁੱਖੜੇ ਸੁਣਨਾ ਚੰਗਾ ਨੇਹੂੰ
ਖੇਡ ਲਵੋ ਦਿਨ ਚਾਰ, ਕਹਾਣੀ ਫੇਰ ਕਹਵਾਂਗਾ

ਗਰਦਨ ਦੇ ਵਿਚ ਸਰੀਆ ਜਿਸਦੇ ਰਹਿੰਦਾ ਸੀ
ਫਿਰਦਾ ਏ ਲਾਚਾਰ, ਕਹਾਣੀ ਫੇਰ ਕਹਵਾਂਗਾ

ਜਿਸਦੀ ਖ਼ਾਤਿਰ ਧੁੱਪਾਂ, ਪਾਲੇ ਜਰ ਦਿਆਂ ਗੁਜ਼ਰੀ
ਛੱਡ ਗਿਆ ਉਹ ਯਾਰ, ਕਹਾਣੀ ਫੇਰ ਕਹਵਾਂਗਾ

ਇੰਜ ਤੇ ਸੌਂਹਾਂ ਸਾਂ ਮੈਂ ਉਠਦੀਆਂ ਲਹਿਰਾਂ ਦਾ ਵੀ
ਕਿੰਜ ਡੁੱਬਿਆ ਵਿਚਕਾਰ, ਕਹਾਣੀ ਫੇਰ ਕਹਵਾਂਗਾ

ਓੜਕ ਪਰਤ ਕੇ ਉਹਨੇ ਵਾਪਸ ਸੱਦਣਾ ਹੈ ਤੇ
ਆਰਿਫ਼ ਉਸ ਦਰਬਾਰ, ਕਹਾਣੀ ਫੇਰ ਕਹਵਾਂਗਾ