ਜੋ ਸੁਵਾਏ ਨੀਂਦ ਗੂੜ੍ਹੀ ਰਾਗਣੀ ਮੇਰੀ ਨਹੀਂ

ਜੋ ਸੁਵਾਏ ਨੀਂਦ ਗੂੜ੍ਹੀ ਰਾਗਣੀ ਮੇਰੀ ਨਹੀਂ
ਨੇਰ੍ਹਿਆਂ ਨੂੰ ਜੋ ਭੁਲਾਵੇ ਚਾਨਣੀ ਮੇਰੀ ਨਹੀਂ

ਸੋਚ ਮੇਰੀ ਨੂੰ ਜਗਾਵੇ ਪੀੜ ਓਹ ਮੇਰੀ ਨਹੀਂ
ਸੋਚ ਨੂੰ ਮੁਰਦਾ ਬਣਾਵੇ ਓਹ ਗ਼ਮੀ ਮੇਰੀ ਨਹੀਂ

ਜ਼ਿੰਦਗੀ ਨੂੰ ਜੀਣ ਦੇ ਜੋ ਜੋਸ਼ ਨੂੰ ਠੰਡਾ ਕਰੇ
ਹੋਰ ਹੋਵੇਗੀ ਕਿਸੇ ਵੀ ਓਹ ਘੜੀ ਮੇਰੀ ਨਹੀਂ

ਆਦਮੀ ਦਾ ਖ਼ੂਨ ਕਰਦੀ ਏ ਖ਼ੁਦਾ ਦੇ ਨਾਮ ਤੇ
ਸੋਚ ਹੈ ਕੋਝੀ ਅਜਿਹੀ ਸੋਚਣੀ ਮੇਰੀ ਨਹੀਂ

ਜੋ ਸਮੇਂ ਦੀ ਗਲ ਕਰਨੋਂ ਹੀ ਸਦਾ ਡਰਦੀ ਰਹੇ
ਏਸ ਤਰ੍ਹਾਂ ਦੀ ਬੁਜ਼ਦਿਲੀ ਦੀ ਸ਼ਾਇਰੀ ਮੇਰੀ ਨਹੀਂ