ਲੁਭਾਉਂਦੇ ਪੱਤਝੜਾਂ ਅੰਦਰ ਨਜ਼ਾਰੇ ਹੋਰ ਹੁੰਦੇ ਨੇ

ਲੁਭਾਉਂਦੇ ਪੱਤਝੜਾਂ ਅੰਦਰ ਨਜ਼ਾਰੇ ਹੋਰ ਹੁੰਦੇ ਨੇ
ਲੁਭਾਉਂਦੇ ਮਕਤਲਾਂ ਅੰਦਰ ਇਸ਼ਾਰੇ ਹੋਰ ਹੁੰਦੇ ਨੇ

ਜਿਹਨਾਂ ਨੂੰ ਵਿੱਥ ਜਾਂਦਾ ਏ ਕਿਸੇ ਦੇ ਪੈਰ ਦਾ ਕੰਡਾ
ਓਹ ਦਰਦੀ ਹੋਰ ਹੀ ਹੁੰਦੇ ਨੇ ਪਿਆਰੇ ਹੋਰ ਹੁੰਦੇ ਨੇ

ਜਿਹਨਾਂ ਨੇ ਸਿੱਖ ਲਈ ਬੇਗਾਨਿਆਂ ਦੇ ਦਰਦ ਦੀ ਬੋਲੀ
ਉਨ੍ਹਾਂ ਦਾ ਦਿਲ ਅਨੋਖਾ ਤੇ ਹੁੰਗਾਰੇ ਹੋਰ ਹੁੰਦੇ ਨੇ

ਗ਼ਮਾਂ ਦੀ ਪੀੜ ਇੱਕੋ ਏ, ਲਹੂ ਦਾ ਰੰਗ ਇੱਕੋ ਏ
ਸਮੇਂ ਦੇ ਨਾਲ਼ ਜਬਰਾਂ ਦੇ ਅੰਗਿਆਰੇ ਹੋਰ ਹੁੰਦੇ ਨੇ

ਓਹੋ ਹੀ ਅੱਖ ਹੁੰਦੀ ਏ, ਹੈ ਅੰਤਰ ਅਨਭਵਾਂ ਦਾ ਹੀ
ਚਮਨ ਇਕੋ ਹੀ ਹੁੰਦਾ ਏ, ਨਜ਼ਾਰੇ ਹੋਰ ਹੁੰਦੇ ਨੇ

ਦਮਕਦਾ ਦੇਖਿਆ ਮੈਂ ਜੇਲ੍ਹ ਵਿਚ ਉਂਝ ਤਾਂ ਸੂਰਜ
ਹਰੇ ਖੇਤਾਂ ਚਿ ਸੂਰਜ ਦੇ ਨਜ਼ਾਰੇ ਹੋਰ ਹੁੰਦੇ ਨੇ