ਤੇਰੇ ਹਿੱਜਰਾਂ ਦਾ ਖਾ ਖਾ ਕੇ ਗ਼ਮ ਦੋਸਤਾ

ਤੇਰੇ ਹਿੱਜਰਾਂ ਦਾ ਖਾ ਖਾ ਕੇ ਗ਼ਮ ਦੋਸਤਾ
ਪੂਰੇ ਕਰਨੇ ਨੇਂ ਜੀਵਨ ਦੇ ਦਮ ਦੋਸਤਾ

ਤੂੰ ਜੇ ਤੁਰਿਆ ਤਾਂ ਮਹਿਫ਼ਲਾਂ ਦੀ ਰੌਣਕ ਗਈ
ਸਾਰੇ ਨੈਣਾਂ ਚੋਂ ਰਿਸਦਾ ਹੈ ਨਮ ਦੋਸਤਾ

ਉੱਚੀ ਗਰਦਨ ਤੇਰੀ ਯਾਦ ਆਵੇ ਜਦੋਂ
ਮੇਰੀ ਗਰਦਨ ਚਿ ਪੈਂਦਾ ਏ ਖ਼ਮ ਦੋਸਤਾ

ਹਾਸੇ ਵੰਡੇ ਗਾ ਜੇਕਰ ਹੁਣੇ ਆਨ ਕੇ
ਰਹਿੰਦਾ ਦਿਲ ਨੂੰ ਸੱਦਾ ਇਹ ਭਰਮ ਦੋਸਤਾ

ਫੱਟ ਜਿਸਮਾਂ ਦੇ ਦੇਖੇ ਨੇ ਭਰ ਦੇ ਸਦਾ
ਦਿਲ ਦਾ ਭਰਦਾ ਏ ਔਖਾ ਜ਼ਖ਼ਮ ਦੋਸਤਾ

ਡੁੱਬੀ ਹੋਈ ਹੈ ਇਹ ਵੀ ਤੇਰੀ ਯਾਦ ਵਿਚ
ਤਾਹੀਂ ਰੁਕ ਰੁਕ ਕੇ ਤੁਰਦੀ ਕਲਮ ਦੋਸਤਾ