ਤੂੰ ਕੀ ਜਾਨੇਂ ਮੈਂ ਕਿੰਨੇੇ ਜ਼ੁਲਮ ਰਾਹ ਦੇ ਜਰ ਕੇ ਆਇਆ ਹਾਂ

ਤੂੰ ਕੀ ਜਾਨੇਂ ਮੈਂ ਕਿੰਨੇੇ ਜ਼ੁਲਮ ਰਾਹ ਦੇ ਜਰ ਕੇ ਆਇਆ ਹਾਂ
ਮੈਂ ਜੀਂਦਾ ਆ ਗਿਆ ਹਾਂ ਦਰ ਤੇਰੇ ਪਰ ਮਰ ਕੇ ਆਇਆ ਹਾਂ

ਮੈਂ ਜਿੱਤਣ ਵਾਸਤੇ ਆਇਆ ਹਾਂ ਤੇਰੇ ਪਿਆਰ ਦੀ ਬਾਜ਼ੀ
ਇਹ ਮੂਰਖ ਸਮਝਦੇ ਨੇਂ ਜ਼ਿੰਦਗੀ ਚੋਂ ਹਰ ਕੇ ਆਇਆ ਹਾਂ

ਮੈਂ ਤੇਰੇ ਹੁਸਨ ਦੇ ਸਾਗਰ ਦੇ ਅੰਦਰ ਲੇਨ ਹੋਵਣ ਲਈ
ਗ਼ਰੂਰਾਂ ਦੇ ਪਹਾੜੋਂ ਬਰਫ਼ ਵਾਂਗੂੰ ਖੁਰ ਕੇ ਆਇਆ ਹਾਂ

ਜ਼ਮਾਨੇ ਦਾ ਚਨ੍ਹਾਂ ਅੱਥਰਾ ਸੀ ਵਗਦਾ ਸ਼ੂਕਦਾ ਹੋਇਆ
ਮੈਂ ਤੇਰੇ ਪਿਆਰ ਦੇ ਸਦਕੇ ਇਹਨੂੰ ਵੀ ਤਰ ਕੇ ਆਇਆ ਹਾਂ

ਤੂੰ ਕਰ ਕੁਰਬਾਨ ਮੇਰੇ ਇਸ਼ਕ ਉਤੇ ਜਿੰਦੜੀ ਆਪਣੀ
ਮੈਂ ਤੇਰੇ ਹੁਸਨ ਦੇ ਜਲਵੇ ਦੇ ਉਤੋਂ ਮਰ ਕੇ ਆਇਆ ਹਾਂ