ਅੱਖੀਆਂ ਨਾਲ਼ ਨਜ਼ਾਰੇ ਹੁੰਦੇ, ਖਿੜਦੇ ਫੁੱਲ ਬਹਾਰਾਂ ਨਾਲ਼

ਅੱਖੀਆਂ ਨਾਲ਼ ਨਜ਼ਾਰੇ ਹੁੰਦੇ, ਖਿੜਦੇ ਫੁੱਲ ਬਹਾਰਾਂ ਨਾਲ਼
ਗੀਤ ਮੁਹੱਬਤ ਵਾਲੇ ਗਾਏ ਜਾਂਦੇ ਦਿਲ ਦੀਆਂ ਤਾਰਾਂ ਨਾਲ਼

ਜਿਨ੍ਹਾਂ ਜਿਉਂਦਿਆਂ ਸ਼ਕਲ ਨਾ ਦੇਖੀ, ਹਾਲ ਪਰਤ ਕੇ ਪੁੱਛਿਆ ਨਾ,
ਦੇਖੋ ਉਹ ਅੱਜ ਰੋਂਦੇ ਫਿਰਦੇ, ਕਰ ਕਰ ਬਾਤ ਮਜ਼ਾਰਾਂ ਨਾਲ਼

ਹੋਵੇ ਖ਼ੈਰ ਜ਼ਫ਼ਾ ਤੇਰੀ ਦੀ, ਮੈਂ ਮੁਜਰਿਮ ਇਸ ਗੱਲ ਦੀ ਹਾਂ,
ਕਿਉਂ ਮੈਂ ਉਮਰ ਗੁਜ਼ਾਰੀ ਤੇਰੇ ਝੂਠੇ ਕੁਲ ਕਰਾਰਾਂ ਨਾਲ਼ ?

ਮਸਜਿਦ ਵਿਚ ਸ਼ਰਾਬੀ ਦਾ, ਕੀ ਕੰਮ ਮੁੱਲਾਂ ਦਾ ਮੈਖ਼ਾਨੇ ?
ਇਕ ਮਜ਼ਦੂਰ ਦਾ ਨਾਤਾ ਕੀ ਏ ਸ਼ਾਹਾਂ ਦੇ ਦਰਬਾਰਾਂ ਨਾਲ਼ ?

ਦੁਸ਼ਮਣ ਦਾ ਅੱਜ ਪਤਾ ਕਰਨ ਨੂੰ ਅਸੀਂ ਕਛਾਰੇ ਨਿਕਲੇ ਸਾਂ,
ਦੇਖੋ ਕਿਸਮਤ, ਟੱਕਰ ਹੋ ਗਈ, ਫਿਰ ਆਪਣੇ ਹੀ ਯਾਰਾਂ ਨਾਲ਼

ਉੱਦਮ ਸੀ ਦਰਿਆਵਾਂ ਵਰਗਾ, ਹਿੰਮਤ ਵਾਂਗ ਚਟਾਨਾਂ ਦੇ,
ਵੈਰੀਆਂ ਤੂੰ ਤੇ ਮਰਦੇ ਨਹੀਂ ਸਾਂ ਸੱਜਣਾਂ ਮਾਰਿਆ ਪਿਆਰਾਂ ਨਾਲ਼