ਸਾਰੇ ਲੋਕ ਖ਼ੁਦਾਵਾਂ ਵਰਗੇ

ਸਾਰੇ ਲੋਕ ਖ਼ੁਦਾਵਾਂ ਵਰਗੇ
ਸਾਡੇ ਹੱਥ ਦੁਆਵਾਂ ਵਰਗੇ

ਮਹਿੰਦੀ ਰੰਗੀਆਂ ਸੱਧਰਾਂ ਮੋਈਆਂ
ਹੋ ਗਏ ਵਾਲ਼ ਕਪਾਹਵਾਂ ਵਰਗੇ

ਹੁਣ ਤੇ ਨਿੱਕੀ ਉਮਰੇ ਕੁੜੀਆਂ
ਸੁਫ਼ਨੇ ਵੇਖਣ ਮਾਵਾਂ ਵਰਗੇ

ਰੋਜ਼ ਬਨੇਰੇ ਦੁੱਖ ਆ ਬਹਿੰਦੇ
ਕਾਲ਼ ਕਲੋਟੇ ਕਾਵਾਂ ਵਰਗੇ

ਅੱਜ ਕੱਲ੍ਹ ਤੇ ਸਭ ਰਿਸ਼ਤੇ ਨਾਤੇ
ਗੱਲ ਵਿਚ ਆਈਆਂ ਫਾਹਵਾਂ ਵਰਗੇ

ਜਣਿਆਂ ਗੁਝੀ ਤੋਨ ਜਿਹੀਆਂ ਨੇਂ
ਜਿੰਨੇ ਨੇਂ ਤੱਤੇ ਤਾਵਾਂ ਵਰਗੇ

ਦਮ ਦਮ ਸਚੱੋ ਸੱਚ ਭੁਲੇਖੇ
ਰਾਹਵਾਂ ਵਿਚ ਕੁਰਾਹਵਾਂ ਵਰਗੇ

ਸਾਡੇ ਸਕੇ ਸਾਹ ਦੇ ਲਿਖੇ
ਉਮਰੋਂ ਵੱਧ ਸਜ਼ਾਵਾਂ ਵਰਗੇ