ਪੂਰਨ ਭਗਤ

ਰਾਜੇ ਦਾ ਮਹਲੀਂ ਆਉਣਾ

23
ਲਾਮ ਲਾਹ ਕੇ ਹਾਰ ਸ਼ਿੰਗਾਰ ਰਾਣੀ,
ਰਾਜੇ ਆਂਵਦੇ ਨੂੰ ਬੁਰੇ ਹਾਲ ਹੋਈ ।
ਰਾਜਾ ਦੇਖ ਹੈਰਾਨ ਅਸਚਰਜ ਹੋਇਆ,
ਮਹਲੀਂ ਜਗਿਆ ਨਾ ਸ਼ਮਾਦਾਨ ਕੋਈ ।
ਬੈਠ ਪੁਛਦਾ ਰਾਣੀਏਂ ਦਸ ਮੈਨੂੰ,
ਵਕਤ ਸੰਧਿਆ ਦੇ ਚੜ੍ਹ ਪਲੰਘ ਸੋਈ ।
ਕਾਦਰਯਾਰ ਸਲਵਾਹਨ ਦੀ ਗਲ ਸੁਣ ਕੇ,
ਰਾਣੀ ਉਠ ਕੇ ਧ੍ਰੋਹ ਦੇ ਨਾਲ ਰੋਈ ।
24
ਮੀਮ ਮੈਨੂੰ ਕੀ ਪੁਛਨਾ ਏਂ ਰਾਜਿਆ ਵੇ,
ਮੇਰਾ ਦੁਖ ਕਲੇਜੜਾ ਜਾਲਿਓ ਈ ।
ਜਾਇ ਪੁਛ ਖਾਂ ਪੁਤਰ ਆਪਣੇ ਨੂੰ,
ਜਿਹੜਾ ਭੋਹਰੇ ਕੋਤਲ ਪਾਲਿਓ ਈ ।
ਉਹਨੂੰ ਰੱਖ ਤੇ ਦੇਹ ਜਵਾਬ ਸਾਨੂੰ,
ਸਾਡਾ ਸ਼ੌਕ ਜੇ ਤਾਂ ਦਿਲੋਂ ਟਾਲਿਓ ਈ ।
ਕਾਦਰਯਾਰ ਜਦ ਝੂਠ ਪਹਾੜ ਜੇਡਾ,
ਰਾਣੀ ਰਾਜੇ ਨੂੰ ਤੁਰਤ ਸਿਖਾਲਿਓ ਈ ।
25
ਨੂੰਨ ਨਾਉਂ ਲੈ ਖਾਂ ਓਸ ਗਲ ਦਾ ਤੂੰ,
ਜਿਹੜੀ ਗਲ ਪੂਰਨ ਤੈਨੂੰ ਆਖ ਗਿਆ ।
ਜੇਹੜਾ ਨਾਲ ਤੇਰੇ ਮੰਦਾ ਬੋਲਿਆ ਸੂ,
ਉਸ ਨੂੰ ਦੇਵਾਂ ਫਾਹੇ ਮੇਰਾ ਪੁਤ ਕੇਹਾ ।
ਅਜ ਨਾਲ ਮਾਵਾਂ ਕਰੇ ਸੁਖਨ ਐਸੇ,
ਭਲਕੇ ਦੇਗ ਖਟੀ ਮੈਨੂੰ ਖਟ ਏਹਾ ।
ਕਾਦਰਯਾਰ ਫਿਰ ਹੋਈ ਬੇਦਾਦ ਨਗਰੀ,
ਅੰਨ੍ਹੇ ਰਾਜੇ ਦੇ ਪੂਰਨ ਵਸ ਪਿਆ ।
26
ਵਾਉ ਵੇਖ ਰਾਜਾ ਮੰਦਾ ਹਾਲ ਮੇਰਾ,
ਰਾਣੀ ਆਪ ਦਿਲੋਂ ਦਰਦ ਦਸਿਆ ਈ ।
ਪੁੱਤਰ ਪੁੱਤਰ ਮੈਂ ਆਖਦੀ ਰਹੀ ਮੂੰਹੋਂ,
ਪੂਰਨ ਭਰਤਿਆਂ ਵਾਂਗਰਾਂ ਹਸਿਆ ਈ ।
ਵੀਣੀ ਕੱਢ ਕੇ ਦਸਦੀ ਵੇਖ ਚੂੜਾ,
ਭੰਨੀ ਵੰਗ ਤੇ ਹੱਥ ਵਲਸਿਆ ਈ ।
ਕਾਦਰਯਾਰ ਮੈਂ ਜ਼ੋਰ ਦਿਖਾਲਿਆ ਈ,
ਪੂਰਨ ਤਦੋਂ ਮਹਿਲਾਂ ਥੋਂ ਨਸਿਆ ਈ ।
27
ਹੇ ਹੋਇ ਖੜਾ ਦਲਗੀਰ ਰਾਜਾ,
ਰਤੋ ਰਤੇ ਅਖੀਂ ਮਥੇ ਵੱਟ ਪਾਏ ।
ਪਥਰ ਦਿਲ ਹੋਇਆ ਸਕੇ ਪੁਤਰ ਵਲੋਂ,
ਦਿਲੋਂ ਗ਼ਜ਼ਬ ਦਾ ਭਾਂਬੜ ਮਚ ਜਾਏ ।
ਮਛੀ ਵਾਂਗ ਤੜਫ਼ਦਾ ਰਾਤ ਰਿਹਾ,
ਕਦੀ ਪਏ ਲੰਬਾ ਕਦੀ ਉਠ ਬਹੇ ।
ਕਾਦਰਯਾਰ ਮੰਦਾ ਦੁੱਖ ਇਸਤ੍ਰੀ ਦਾ,
ਪੂਰਨ ਜੀਂਵਦਾ ਕਿਸੇ ਸਬਬ ਰਹੇ ।
28
ਲਾਮ ਲੂਤੀਆਂ ਰਹਿਣ ਨਾ ਦੇਂਦੀਆਂ ਨੇ,
ਨਾਲ ਨਾਲਸ਼ਾਂ ਸ਼ਹਿਰ ਵੈਰਾਨ ਕੀਤਾ ।
ਮੁੱਢੋਂ ਗੱਲਾਂ ਵੀ ਹੁੰਦੀਆਂ ਆਈਆਂ ਨੀ,
ਅਗੇ ਕਈਆਂ ਦਾ ਅਲਖ ਜਹਾਨ ਕੀਤਾ ।
ਪੂਰਨ ਨਾਲ ਅਵਲੀ ਵੀ ਹੋਣ ਲਗੀ,
ਜਿਸ ਦੀ ਮਾਉਂ ਐਸਾ ਫਰਮਾਨ ਕੀਤਾ ।
ਕਾਦਰਯਾਰ ਚੜ੍ਹਿਆ ਦਿਨ ਸੁਖ ਦਾ ਜੀ,
ਰਾਜੇ ਬੈਠ ਚੌਕੀ ਇਸ਼ਨਾਨ ਕੀਤਾ ।