ਗੱਲ 'ਤੇ ਪਹਿਰਾ ਦਿੰਦਾ ਭਾਵੇਂ ਕੱਲਮ-ਕੱਲਾ ਹੁੰਦਾ ।

ਗੱਲ 'ਤੇ ਪਹਿਰਾ ਦਿੰਦਾ ਭਾਵੇਂ ਕੱਲਮ-ਕੱਲਾ ਹੁੰਦਾ ।
ਵੇਲੇ ਵਾਂਗੂੰ ਜੇ ਨਾ ਮੇਰਾ ਯਾਰ ਨਿਗੱਲਾ ਹੁੰਦਾ ।

ਮੈਨੂੰ ਅਕਲ ਅਹਿਸਾਸ ਦੇ ਨਾ ਤੇ ਕੀ ਕੀ ਜ਼ਖ਼ਮ ਨੇ ਦਿੱਤੇ,
ਲੱਖਾਂ ਦੁੱਖਾਂ ਤੋਂ ਬਚ ਜਾਂਦਾ ਜੇ ਮੈਂ ਝੱਲਾ ਹੁੰਦਾ ।

ਆਪਣੇ ਆਲ ਦੁਆਲੇ ਕੋਲੋਂ ਅੱਕਿਆ ਹੋਇਆ ਬਣਦਾ,
ਮਰ ਜਾਂਦਾ ਜੇ ਏਸ ਦੌਰ ਵਿਚ, ਮਰਨ ਸੁਖੱਲਾ ਹੁੰਦਾ

ਗ਼ਰਜ਼ਾਂ ਦੀ ਬੇਦਰਦ ਹਵਾ ਨਾ ਉਹਨੂੰ ਰੇੜ ਲੈ ਜਾਂਦੀ,
ਜੇ ਭਾਂਡੇ ਦਾ ਹੋਰ ਜ਼ਰਾ ਕੂ ਭਾਰਾ ਥੱਲਾ ਹੁੰਦਾ ।

ਆਪ ਸਹੇੜੇ ਝੰਜਟਾਂ ਵਿੱਚੋਂ ਜੇ ਫ਼ੁਰਸਤ ਮਿਲ ਜਾਂਦੀ,
ਮੈਂ ਆਪਣੇ ਘਰ ਜਾਂਦਾ ਭਾਵੇਂ ਪੰਧ ਕਵੱਲਾ ਹੁੰਦਾ ।

ਓਸੇ ਦੀ ਵਿਕਰੀ ਘਟ ਜਾਂਦੀ, ਉਹਦੀ ਮੰਗ ਨਹੀਂ ਰਹਿੰਦੀ,
ਮੰਡੀ ਦੇ ਵਿਚ ਜਿਹੜੀ ਸ਼ੈ ਦਾ ਮੁੱਲ ਸਵੱਲਾ ਹੁੰਦਾ ।

ਚਾਵਾਂ ਦੀ ਪਰ੍ਹਿਆ ਵਿਚ ਉਹਦੇ ਸੰਗੀ-ਸਾਕ ਵਧੇਰੇ,
ਸੋਚਾਂ ਦੇ ਵਿਚ ਡੁੱਬਿਆ ਹੋਇਆ 'ਰਓਫ਼' ਇਕੱਲਾ ਹੁੰਦਾ