ਹੱਕ ਇਮਕਾਨ ਤਸੱਵਰ ਕੀਤਾ

ਹੱਕ ਇਮਕਾਨ ਤਸੱਵਰ ਕੀਤਾ
ਜ਼ਾਹਰ ਥੀਆ ਜੋ ਕੁੱਝ ਨੀਤਾ

ਮੈਂ ਕਿਉਂ ਸ਼ੈ ਦੀ ਮਾਹੀਅਤ ਕੱਜਾਂ
ਤਸੱਵਰ ਦੇ ਵਿਚ ਲੱਖ ਲੱਖ ਹੱਜਾਂ

ਅਕਲ ਫ਼ਿਕਰ ਦੀ ਜ਼ਾਹਰੀ ਪੂਜਾ
ਅਪਣਾ ਨਜ਼ਰੀ ਆਂਦਾ ਦੂਜਾ

ਦੂਈ ਦੇ ਦਾਣੇ ਛਿੜ ਸਨ ਛੰਨਾਂ
ਤਸੱਵਰ ਦੇ ਵਿਚ ਲੱਖ ਲੱਖ ਹੱਜਾਂ

ਭਾਵੇਂ ਸੈ ਵਾਰ ਕਾਅਬੇ ਜਾਵੀਂ
ਮਾਹੀਅਤ ਕਾਅਬੇ ਦੀ ਨਾ ਪਾਵੀਂ

ਬਾਝ ਤਸੱਵਰ ਰਹਿਣ ਨਾ ਲੱਜਾਂ
ਤਸੱਵਰ ਦੇ ਵਿਚ ਲੱਖ ਲੱਖ ਹੱਜਾਂ

ਮਾਹੀਅਤ ਬਾਝੋਂ ਖ਼ਿਆਲ ਅਧੂਰਾ
ਮਾਹੀਅਤ ਸੰਗ ਤਸੱਵਰ ਪੂਰਾ

ਜ਼ਮਾਨ ਮਕਾਨੀ ਕੈਦੋਂ ਭੱਜਾਂ
ਤਸੱਵਰ ਦੇ ਵਿਚ ਲੱਖ ਲੱਖ ਹਜਾਂ

ਹਵਾਲਾ: ਕਾਫ਼ੀਆਂ (ਚੌਂਵਾਂ ਕਲਾਮ); ਸ਼ਿਹਜ਼ਾਦ ਕੈਸਰ; ਸੁਚੀਤ (ਲਾਹੌਰ)