ਬੰਦਿਆ ਸਾਹ ਦਾ ਕੀ ਵਸਾਹ

ਬੰਦਿਆ ਸਾਹ ਦਾ ਕੀ ਵਸਾਹ

ਦਮ ਦਮ ਦੁਨੀਆ ਦਾਰੀ ਕਰਦਾ
ਸੌ ਸੌ ਧੁੱਪਾਂ ਪਾਲੇ ਝਰਦਾ
ਪਲ ਪਲ ਠੰਢੇ ਹੋਕੇ ਭਰਦਾ
ਓੜਕ ਉਖੜੀ ਜਾਵੇ ਸਾਹ

ਬੰਦਿਆ ਸਾਹ ਦਾ ਕੀ ਵਸਾਹ

ਮਹਿਲ ਮੁਨਾਰੇ ਕੋਠੇ ਵਿਹੜੇ
ਜ਼ਰ, ਜ਼ਨ, ਜ਼ਮੀਨ ਦੇ ਝੇੜੇ
'ਮੁਲਕ-ਅਲਮੋਤ' ਆਣ ਨਬੇੜੇ
ਸਿਰੋਂ ਕੂੜੀ ਪੰਡ ਨੂੰ ਲਾਹ

ਬੰਦਿਆ ਸਾਹ ਦਾ ਕੀ ਵਸਾਹ

ਹੋ ਸੂ ਨਫ਼ਸਾ ਨਫ਼ਸੀ ਥੀਵੇ
ਆਦਮ-ਜ਼ਾਦਾ ਮਰ ਮਰ ਜੀਵੇ
ਤੇਲ ਬਿਨਾਂ ਨਾ ਬਲਦੇ ਦੀਵੇ
ਠੰਡੀ ਪੈਂਦੀ ਇਸ਼ਕ ਦੀ ਭਾਹ

ਬੰਦਿਆ ਸਾਹ ਦਾ ਕੀ ਵਸਾਹ

ਖੁੱਸਿਆ ਵੇਲ਼ਾ ਹੱਥ ਨਾ ਆਵੇ
ਪਾਣੀ ਪੱਤਣੋਂ ਲੰਘੀ ਜਾਵੇ
ਕੋਈ ਨਾ ਅੜਿਆ ਸ਼ੋਰ ਮਚਾਏ
ਕੰਮ ਨਾ ਆਵੇ ਸੁੜਕਨ ਰਾਹ

ਬੰਦਿਆ ਸਾਹ ਦਾ ਕੀ ਵਸਾਹ

ਗ਼ਫ਼ਲਤ ਤੇਰੀ ਅਜ਼ਲੀ ਦੁਸ਼ਮਣ
ਸ਼ੂਕਾਂ ਮਾਰ ਫੁਲਾਵੇ ਫਨ
ਮੁਢੋਂ ਬੇ ਇਤਬਾਰਾ ਤੰਨ
ਨਾਗਣ ਡੱਸਦੀ ਦੇਂਦੀ ਡਾਹ

ਬੰਦਿਆ ਸਾਹ ਦਾ ਕੀ ਵਸਾਹ

ਮਨ ਬਾਝੋਂ ਕੀ ਕੀਮਤ ਤੰਨ ਦੀ
ਸੂਰਜ ਵੱਲ ਕਰ ਸੂਰਤ ਚੰਨ ਦੀ
ਅੜਿਆ ਪਲ ਵਿਚ ਗੱਲ ਏ ਬਣਦੀ
ਮੀਰਾਂ ਰੱਬ ਵੀ ਆਖੇ ਵਾਹ

ਬੰਦਿਆ ਸਾਹ ਦਾ ਕੀ ਵਸਾਹ

ਹਵਾਲਾ: ਕਾਫ਼ੀਆਂ (ਚੌਂਵਾਂ ਕਲਾਮ); ਸ਼ਿਹਜ਼ਾਦ ਕੈਸਰ; ਸੁਚੀਤ (ਲਾਹੌਰ)