ਬੂਟਾ ਫੁੱਲ ਫੁੱਲ ਕੇ ਪਛਤਾਇਆ

ਕਲਰ ਜੂਹ ਨੂੰ ਛੋੜ ਕੇ ਬਾਗੇਂ
ਲੱਗਣਾ ਰਾਸ ਨਾ ਆਇਆ
ਬੂਟਾ ਫੁੱਲ ਫੁੱਲ ਕੇ ਪਛਤਾਇਆ

ਲਗ਼ਰਾਂ ਪਾਲ਼ ਵਬਾਲ ਬਣਾਈਆਂ
ਆਪੇ ਲੱਕ ਤੁੜਵਾਇਆ
ਬੂਟਾ ਫੁੱਲ ਫੁੱਲ ਕੇ ਪਛਤਾਇਆ

ਜੀ ਜੀ ਤੋਂ ਝੂਟੇ ਅਖਵਾਏ
ਝੂਟ ਨਾ ਬੋਲਣਾ ਆਇਆ
ਬੂਟਾ ਫੁੱਲ ਫੁੱਲ ਕੇ ਪਛਤਾਇਆ

ਨਹਰੀਂ ਪਾਣੀ ਦੇ ਦਰਿਆ ਨੇ
ਅਪਣਾ ਆਪ ਮੁਕਾਇਆ
ਬੂਟਾ ਫੁੱਲ ਫੁੱਲ ਕੇ ਪਛਤਾਇਆ

ਭੁੱਖ ਵਿਛਾ ਕੇ ਨੰਗ ਤਾਣ ਲਿਆ
ਇੰਜ ਸਿਆਲ਼ ਲੰਘਾਇਆ
ਬੂਟਾ ਫੁੱਲ ਫੁੱਲ ਕੇ ਪਛਤਾਇਆ

ਆਪੋਂ ਬਲਦੀ ਧੁੱਪ ਚ ਸੜਿਆ
ਦੂਜਿਆਂ ਮਾਨੀ ਛਾਇਆ
ਬੂਟਾ ਫੁੱਲ ਫੁੱਲ ਕੇ ਪਛਤਾਇਆ