ਦਿਲ ਦਾ ਮੈਨੂੰ ਫਿੱਟ ਵਿਖਾਉਣਾ ਆਉਂਦਾ ਨਈਂ

ਦਿਲ ਦਾ ਮੈਨੂੰ ਫਿੱਟ ਵਿਖਾਉਣਾ ਆਉਂਦਾ ਨਈਂ
ਗ਼ੈਰਾਂ ਤਾਈਂ ਹਾਲ ਸੁਣਾਉਣਾ ਆਉਂਦਾ ਨਈਂ

ਆਪਣੇ ਘਰ ਵਿਚ ਆਪੇ ਚੋਰੀ ਹੋ ਗਿਆ ਮੈਂ
ਹੋਰ ਕਿਸੇ ਨੂੰ ਚੋਰ ਬਣਾਉਣਾ ਆਉਂਦਾ ਨਈਂ

ਲੱਖਾਂ ਹੈਰਾਨ ਵਸਦੀਆਂ ਇਥੇ ਪਰ ਮੈਨੂੰ
ਜੋਗੀ ਵਾਲਾ ਭੇਸ ਵਟਾਉਣਾ ਆਉਂਦਾ ਨਈਂ

ਇਕ ਦਾ ਹੋਵੇ ਜੁਰਮ ਤੇ ਮੈਂ ਸਮਝਾ ਦੇਵਾਂ
ਵਿਹੜੇ ਨੂੰ ਤੇ ਇੰਜ ਸਮਝਾਉਣਾ ਆਉਂਦਾ ਨਈਂ

ਉਹਦੀਆਂ ਯਾਦਾਂ ਨਾਲ਼ ਮੈਂ ਦਿਲ ਪਰਚਾ ਲੈਂਦਾ
ਡਾਰੋਂ ਵਿਛੜ ਕੇ ਕੁਰਲਾਉਣਾ ਆਉਂਦਾ ਨਈਂ

ਸਦਫ਼ ਨੇ ਤੇਰੇ ਨਾਵੇਂ ਸਭ ਕੁੱਝ ਲਾ ਦਿੱਤਾ
ਨੱਚ ਕੇ ਮੈਨੂੰ ਯਾਰ ਮਨਾਉਣਾ ਆਉਂਦਾ ਨਈਂ