ਪਿਆਰ ਤੇਰੇ ਸੰਗ ਹੋਰ ਵਧਾ ਕੇ ਵੇਖ ਲਵਾਂਗਾ

ਪਿਆਰ ਤੇਰੇ ਸੰਗ ਹੋਰ ਵਧਾ ਕੇ ਵੇਖ ਲਵਾਂਗਾ
ਸਿਰ ਨੂੰ ਤਲੀਆਂ ਉਤੇ ਚਾ ਕੇ ਵੇਖ ਲਵਾਂਗਾ

ਬੇਲੇ ਦੀ ਮਜ਼ਦੂਰੀ ਚੋਰੀ ਵੇਖ ਲਈ ਏ
ਖੜੇ ਦੇ ਸੰਗ ਆਢਾ ਲਾ ਕੇ ਵੇਖ ਲਵਾਂਗਾ

ਬਸਤੀ ਦੇ ਵਿਚ ਘਰ ਘਰ ਕੈਦੋਂ ਖੇੜਾ ਵਸੇ
ਚੋਰੀ ਛਪੇ ਤੈਨੂੰ ਆ ਕੇ ਵੇਖ ਲਵਾਂਗਾ

ਮੁੱਦਤਾਂ ਹੋਈਆਂ ਜੇ ਇਕ ਵਾਰੀ ਆ ਜਾਵੇਂ ਤੇ
ਉਜੜੀ ਮਹਿਫ਼ਲ ਫੇਰ ਸਜਾ ਕੇ ਵੇਖ ਲਵਾਂਗਾ

ਭੀੜ ਪਵੇ ਨੇੜੇ ਕੋਈ ਨਾ ਆ ਕੇ ਢੁੱਕਦਾ
ਭੱਜੀਆਂ ਬਾਹਵਾਂ ਗੱਲ ਨੂੰ ਲਾ ਕੇ ਵੇਖ ਲਵਾਂਗਾ

ਤੇਰੀ ਖ਼ਾਤਿਰ ਦਲ ਦੇ ਕੋਰੇ ਕਾਗ਼ਜ਼ ਉੱਤੇ
ਤੇਰੀ ਇਕ ਤਸਵੀਰ ਬਣਾ ਕੇ ਵੇਖ ਲਵਾਂਗਾ

ਸਦਫ਼ ਜੇ ਮੇਰੇ ਅਸ਼ਕਦੀ ਕਦਰ ਨਾ ਪਾਈ ਤੋਂ
ਫੇਰ ਮੈਂ ਤੈਨੂੰ ਗ਼ਜ਼ਲ ਸੁਣਾ ਕੇ ਵੇਖ ਲਵਾਂਗਾ