ਝਾਂਜਰ ਨਾ ਛਣਕਾ

ਝਾਂਜਰ ਨਾ ਛਣਕਾ
ਗੋਰੀਏ !
ਝਾਂਜਰ ਨਾ ਛਣਕਾ

ਇਕਧਰ ਮਸਜਿਦ,
ਇਕਧਰ ਮੰਦਰ,
ਤੇਰੀ ਵਿੱਚ ਅਟਾਰੀ
ਦੇਣੀ ਬਾਂਗ ਮੌਲਵੀ ਭੁੱਲਾ
ਭੁੱਲਾ ਭਜਨ ਪੁਜਾਰੀ
ਅਹੁ ਤੱਕ,
ਬੁੱਤ ਲੈਂਦੇ ਅੰਗੜਾਈਆਂ
ਵੌੜਾਂ ਲਵੇ ਖ਼ੁਦਾ

ਝਾਂਜਰ ਨਾ ਛਣਕਾ,
ਗੋਰੀਏ !
ਝਾਂਜਰ ਨਾ ਛਣਕਾ

ਮੱਧਮ ਚਾਲ ਧਰਤ ਦੀ ਪੈ ਗਈ
ਚੱਲੇ ਅਝਕ ਸਤਾਰੇ
ਬਣਿਆਂ ਫੇਰ ਦਲਾਲ ਇੰਦਰ ਦਾ
ਚੰਦ ਝਾਤੀਆਂ ਮਾਰੇ
ਭਰਮ ਪਿਆ ਜੇ ਕੋਈ ਦੇਵਤਾ,
ਪਰਲੋ ਦੇਊ ਲਿਆ

ਝਾਂਜਰ ਨਾ ਛਣਕਾ,
ਗੋਰੀਏ !
ਝਾਂਜਰ ਨਾ ਛਣਕਾ

ਕਿਸ ਗਿਣਤੀ ਵਿਚ ਮਾਤ-ਲੋਕ ਦੇ
ਭੁੱਖੇ ਜਤੀ ਵਿਚਾਰੇ
ਸੁਰਗ ਲੋਕ 'ਚੋਂ ਪਰਤ ਆਉਣਗੇ
ਭਗਤ, ਔਲੀਏ, ਸਾਰੇ
ਮੂੰਹ 'ਤੇ ਪੱਲਾ ਲੈ ਮੁਟਿਆਰੇ !
ਨਾ ਕੋਈ ਚੰਦ ਚੜ੍ਹਾ

ਝਾਂਜਰ ਨਾ ਛਣਕਾ,
ਗੋਰੀਏ !
ਝਾਂਜਰ ਨਾ ਛਣਕਾ

ਮੈਂ ਸ਼ਾਇਰ ਦਿਲ ਜਜ਼ਬਿਆਂ ਭਰਿਆ
ਕਾਬੂ ਰਹਿਣਾ ਨਾਹੀਂ
ਅਸੀਂ ਤਾਂ ਹੰਝੂਆਂ ਵਿਚ ਡੁਬ ਮਰੀਏ
(ਏਥੇ)
ਨੈਂ ਵਗਦੀ ਅਸਗਾਹੀਂ
ਆਸ਼ਕ ਲੱਗਣਾ ਪਾਰ ਨਾ ਲੋੜਨ
ਠਿਲ੍ਹਦੇ ਜਦ ਦਰਿਆ
ਝਾਂਜਰ ਨਾ ਛਣਕਾ,
ਗੋਰੀਏ !
ਝਾਂਜਰ ਨਾ ਛਣਕਾ

ਝਾਂਜਰ ਨਾ ਛਣਕਾ,
ਗੋਰੀਏ !