ਮੇਰੇ ਦਿਲ ਦੀ ਲੱਗੀ ਨੂੰ ਕੋਈ ਨਾ ਜਾਣੇ
ਥਕੇ ਨਬਜ਼ ਟੁਹ ਟੁਹ ਹਜ਼ਾਰਾਂ ਸਿਆਣੇ।

ਹਿਜਰ ਦੇ ਵਿਛਾਉਣੇ ਇਹ ਸੂਲਾਂ ਦੀ ਸੇਜਾ
ਮੇਰੇ ਵਾਂਗ ਹੈ ਕੋਈ ਜੋ ਹੱਸ ਹੱਸ ਕੇ ਮਾਣੇ।

ਮਹੀਂਵਾਲ ਮਿਰਜ਼ਾ ਇਹ ਪੁੰਨੂੰ ਜਾਂ ਰਾਂਝਾ
ਮਿਰੇ ਇਸ਼ਕ ਅੱਗੇ ਇਹ ਜਾਪਣ ਅੰਞਾਣੇ।

ਮਰੇ ਖਾਕੇ ਇੱਕੋ ਹਿਜਰ ਦੀ ਕਟਾਰੀ
ਜਰੇ ਜਿਉਂਦੇ ਜੀ ਜੋ ਉਹਨੂੰ ਜੱਗ ਜਾਣੇ।

ਮੈਂ ਹੱਥੀਂ ਜਲਾਈ ਸ਼ਮ੍ਹਾਂ ਸੜਨ ਬਦਲੇ
ਕਿਆ ਰੀਸ ਕਰਨੀ ਪਤੰਗੇ ਨਿਮਾਣੇ।

ਕਦੋਂ ਇਸ਼ਕ ਦੀ ਅੱਗ ਦਬਦੀ ਦਬਾਇਆਂ
ਜੇ ਹੱਸਾਂ ਤਾਂ ਚਮਕਣ ਹਜ਼ਾਰਾਂ ਟਟਾਹਣੇ।

ਨਹੀਂ ਚਾਹ ਮੈਨੂੰ ਕਿਨਾਰੇ ਲਗਣ ਦੀ
ਚਰਾਗੀ ਨੇ ਗ਼ੈਰਤ ਦੀ ਮੰਗਦੇ ਮੁਹਾਣੇ।

ਉਹਨਾਂ ਨੂੰ ਮੈਂ ਪੂਜਾਂ ਜੋ ਰਾਹੀਂ ਨੇ ਡੁੱਬੇ
ਦਇਆ ਉਹਨਾਂ ਉੱਤੇ ਜੋ ਪਹੁੰਚੇ ਟਿਕਾਣੇ।

ਵਿਗਾੜੇਗੀ ਕੀ ਅੱਗ ਦੋਜ਼ਖ਼ ਦੀ ਮੇਰਾ
ਕਦੋਂ ਸੁਖ ਬਹਿਸ਼ਤਾਂ ਦੇ ਆਸ਼ਕ ਨੇ ਮਾਣੇ।

ਜਿਉਂਦਾ ਹਾਂ ਇਸ ਸਿਰੜ ਦੇ ਮੈਂ ਸਹਾਰੇ
ਕਹੇ ਨਾ ਕੋਈ ਹਾਰ ਮੰਨ ਲਈ ਫਲਾਣੇ।