ਇਹ ਦੁਨੀਆਂ ਇਕ ਅਖਾੜਾ ਹੈ ਤੇ ਖਲਕਤ ਹੈ ਤਮਾਸ਼ਾਈ
ਮੈਂ ਜੀਵਨ ਖੇਡ ਵਿਚ ਭੁੱਲਦੇ ਬੜੇ ਬੁਧਵਾਨ ਵੇਖੇ ਨੇ।

ਜੋ ਉਡਦੇ ਅਰਸ਼ ਤੇ ਪਲ ਵਿਚ ਪਟਕਦੇ ਫਰਸ਼ ਤੇ ਵੇਖੇ
ਤੇ ਪੈਰਾਂ ਵਿਚ ਰੁਲਦੇ ਕਈ ਚੜ੍ਹੇ ਅਸਮਾਨ ਵੇਖੇ ਨੇ।

ਤਖਤ ਤੇ ਬੈਠਿਆਂ ਹੈ ਵੇਖਿਆ ਬੇਘਰ ਗੁਲਾਮਾਂ ਨੂੰ
ਤੇ ਮੰਗਦੇ ਭੀਖ ਗਲੀਆਂ ਵਿਚ ਕਈ ਸੁਲਤਾਨ ਵੇਖੇ ਨੇ।

ਜਿਨ੍ਹਾਂ ਮਹਿਲਾਂ ‘ਚ ਕਲ੍ਹ ਤੀਕਰ ਹੁੰਦਾ ਸੀ ਨਾਚ ਪਰੀਆਂ ਦਾ
ਮੈਂ ਪੈਂਦੇ ਕੀਰਨੇ ਅੱਜ ਉਹ ਬਣੇ ਸ਼ਮਸ਼ਾਨ ਵੇਖੇ ਨੇ।

ਜਿਨ੍ਹਾਂ ਗਲ ਹੀਰਿਆਂ ਦੇ ਹਾਰ ਤੇ ਰੇਸ਼ਮ ਹੰਡਾਉਂਦੇ ਸੀ
ਉਹ ਬੇਹਿਆਂ ਟੁਕੜਿਆਂ ਨੂੰ ਤਰਸਦੇ ਇਨਸਾਨ ਵੇਖੇ ਨੇ।

ਜਿਨ੍ਹਾਂ ਦੇ ਸਾਮ੍ਹਣੇ ਝੁਕਦੇ ਸੀ ਲੱਖਾਂ ਸਿਰ ਜੁਆਨਾਂ ਦੇ
ਮੈਂ ਗੈਰਾਂ ਸਾਮ੍ਹਣੇ ਝੁਕਦੇ ਉਹੀ ਬਲਵਾਨ ਵੇਖੇ ਨੇ।

ਜਿਨ੍ਹਾਂ ਦੇ ਵੱਟ ਮੱਥੇ ਦੇ ਕੰਬਾਊਂਦੇ ਸੀ ਜ਼ਮਾਨੇ ਨੂੰ
ਮੈਂ ਕਾਇਰਾਂ ਜਿਉਂ ਵਿਲ੍ਹਕਦੇ ਉਨ੍ਹਾਂ ਦੇ ਅਰਮਾਨ ਵੇਖੇ ਨੇ।

ਕਹਾਂ ਕੀ? ਬੇਇਲਮ, ਬੇਸਮਝ ਲੋਕਾਂ ਦੀ ਹਜੂਰੀ ਵਿਚ
ਅਕਲ ਦੇ ਕੋਟ ਹੱਥ ਬੱਧੀ ਖਲੇ ਹੈਰਾਨ ਵੇਖੇ ਨੇ।

ਲਟਕਦੇ ਫਾਂਸੀਆਂ ਤੇ ਵੇਖਿਆ ਹੈ ਦੇਸ਼ ਭਗਤਾਂ ਨੂੰ
ਤੇ ਭਗਤਾਂ ਦੇ ਲਿਬਾਸ ਅੰਦਰ ਲੁਕੇ ਸ਼ੈਤਾਨ ਵੇਖੇ ਨੇ।

ਚਲਾਉਂਦੇ ਵੇਖਿਆ ਛੁਰੀਆਂ ਹੈ ਕਈਆਂ ਸਾਧ-ਸੰਨਤਾਂ ਨੂੰ
ਤੇ ਮੰਦਰ ਦੇ ਪੁਜਾਰੀ ਵੇਚਦੇ ਇਮਾਨ ਵੇਖੇ ਨੇ।

ਗਲੇ ਮਿਲਦੇ ਮੁਹੱਬਤ ਨਾਲ ਮੈਂ ਵੇਖੇ ਨੇ ਦੁਸ਼ਮਣ ਵੀ
ਤੇ ਮਿਤਰਾਂ ਵਿਚ ਹੁੰਦੇ ਲਹੂ ਦੇ ਘਮਸਾਨ ਵੇਖੇ ਨੇ।

ਅਨੋਖੇ ਰੰਗ ਨੇ ਕੁਦਰਤ ਦੇ ਜਾਣੇ ਕੌਣ ਸੀਤਲ ‘ ਜੀ
ਮੈਂ ਉਜੜੇ ਵੱਸਦੇ ਤੇ ਵੱਸਦੇ ਵੀਰਾਨ ਵੇਖੇ ਨੇ।